ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਸੂਬਾ ਪੱਧਰੀ ਰਤਨਾਵਲੀ ਮੇਲੇ ਦੇ ਦੂਜੇ ਦਿਨ ਕਲਕਾਰਾਂ ਨੇ ਹਰਿਆਣਾਵੀ ਲੋਕ ਗੀਤਾਂ ਅਤੇ ਲੋਕ ਨਾਚਾਂ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਯੂਨੀਵਰਸਿਟੀ ਕੈਂਪਸ ਵਿੱਚ ਗੂੰਜ ਰਹੇ ਲੋਕ ਸੰਗੀਤ ਦੇ ਵਿਚਕਾਰ, ਕਲਾਕਾਰਾਂ ਨੇ ਆਪਣੀਆਂ ਨਾਚ ਚਾਲਾਂ ਅਤੇ ਪ੍ਰਗਟਾਵੇ ਰਾਹੀਂ ਹਰਿਆਣਾ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਇੱਕ ਮਨਮੋਹਕ ਝਲਕ ਪੇਸ਼ ਕੀਤੀ। ਵੱਖ-ਵੱਖ ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਦੇ ਪ੍ਰਤੀਭਾਗੀਆਂ ਨੇ ਹਰਿਆਣਵੀ ਸੋਲੋ ਡਾਂਸ (ਮਹਿਲਾ) ਮੁਕਾਬਲੇ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਆਰੀਆ ਕਾਲਜ ਪਾਣੀਪਤ, ਸਟੇਟ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਟੀਚਰ ਐਜੂਕੇਸ਼ਨ ਪਲਵਲ, ਸੀ ਆਈ ਐੱਸ ਗਰਲਜ਼ ਕਾਲਜ ਢੰਡ (ਡਡਵਾਨਾ), ਸ੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਦੂਧਲਾ, ਕੁਰੂਕਸ਼ੇਤਰ ਯੂਨੀਵਰਸਿਟੀ ਕੈਂਪਸ, ਆਰ ਕੇ ਐੱਸ ਡੀ ਕਾਲਜ ਕੈਥਲ ਅਤੇ ਐੱਸ ਡੀ ਕਾਲਜ ਪਾਣੀਪਤ ਦੀਆਂ ਵਿਦਿਆਰਥਣਾਂ ਨੇ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਮੁਕਾਬਲੇ ਦੀ ਜੱਜਮੈਂਟ ਨ੍ਰਿਤ ਸ਼ੈਲੀ, ਸੰਗੀਤਕ ਗੁਣਵੱਤਾ, ਰਵਾਇਤੀ ਪੁਸ਼ਾਕਾਂ ਅਤੇ ਸਮੁੱਚੀ ਪੇਸ਼ਕਾਰੀ ਦੇ ਆਧਾਰ ’ਤੇ ਕੀਤੀ ਗਈ। ਭਾਗੀਦਾਰਾਂ ਨੇ ਹਰਿਆਣਵੀ ਲੋਕ ਗੀਤਾਂ ਦੀਆਂ ਤਾਲਾਂ ’ਤੇ ਨਾਚ ਪੇਸ਼ ਕਰ ਕੇ ਸੂਬੇ ਦੀਆਂ ਲੋਕ ਪਰੰਪਰਾਵਾਂ ਨੂੰ ਸਟੇਜ ’ਤੇ ਜੀਵੰਤ ਕੀਤਾ। ਰਤਨਾਵਲੀ ਮੇਲੇ ਦਾ ਉਦੇਸ਼ ਹਰਿਆਣਾ ਦੇ ਲੋਕ ਸੱਭਿਆਚਾਰ, ਪਰੰਪਰਾਵਾਂ ਅਤੇ ਕਲਾਤਮਕ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਹੈ ਅਤੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨਾ ਹੈ। ਨੌਜਵਾਨ ਕਲਾਕਾਰਾਂ ਦੀ ਉਤਸ਼ਾਹੀ ਭਾਗੀਦਾਰੀ ਇਸ ਸਮਾਗਮ ਵਿੱਚ ਨਵੀਂ ਊਰਜਾ ਭਰ ਰਹੀ ਹੈ।

