ਕਾਲਜ ਖੋਲ੍ਹਣ ਦੇ ਐਲਾਨ ਮਗਰੋਂ ਰਾਮ ਸ਼ਰਨ ਮਾਜਰਾ ਬਾਗ਼ੋ-ਬਾਗ਼
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਮਹਾਗਰਾਮ ਯੋਜਨਾ ਤਹਿਤ ਬਾਬੈਨ ਖੇਤਰ ਦੇ ਪਿੰਡ ਰਾਮ ਸ਼ਰਨ ਮਾਜਰਾ ਵਿੱਚ ਮਹਿਲਾ ਕਾਲਜ ਖੋਲ੍ਹਣ, ਸੀਵਰੇਜ ਪਾਉਣ ਤੇ ਐੱਸ ਟੀ ਪੀ ਬਣਾਉਣ ਅਤੇ ਹੋਰ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਮਗਰੋਂ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਭਾਜਪਾ ਮੰਡਲ ਪ੍ਰਧਾਨ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਅੱਜ ਮਠਿਆਈ ਵੰਡ ਕੇ ਜਸ਼ਨ ਮਨਾਇਆ। ਪਿੰਡ ਵਾਸੀਆਂ ਨੇ ਇਸ ਨੂੰ ਖੇਤਰ ਦੇ ਵਿਕਾਸ ਵੱਲ ਵੱਡਾ ਇਤਿਹਾਸਕ ਕਦਮ ਕਰਾਰ ਦਿੱਤਾ। ਬਾਬੈਨ ਖੇਤਰ ਦੇ ਲੋਕਾਂ ਦੀ ਪਿਛਲੇ ਲੰਮੇ ਸਮੇਂ ਤੋਂ ਕਾਲਜ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹੁਣ ਪੂਰਾ ਕੀਤਾ ਹੈ। ਵਿਕਾਸ ਸ਼ਰਮਾ ਨੇ ਕਿਹਾ ਕਿ ਇਸ ਖੇਤਰ ਦੇ ਪਿੰਡਾਂ ਦੀਆਂ ਲੜਕੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਲਾਡਵਾ, ਸ਼ਾਹਬਾਦ, ਕੁਰੂਕਸ਼ੇਤਰ, ਕਰਨਾਲ ਜਾਂ ਹੋਰ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ, ਜਿਸ ਨਾਲ ਸਮਾਂ ਤੇ ਸੁਰੱਖਿਆ ਦੋਵਾਂ ਚੁਣੌਤਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਮੁੱਖ ਮੰਤਰੀ ਦੇ ਇਸ ਐਲਾਨ ਨਾਲ ਲੜਕੀਆਂ ਨੂੰ ਆਪਣੇ ਹੀ ਇਲਾਕੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਰਾਮ ਸ਼ਰਨ ਮਾਜਰਾ ਦੇ ਸਰਪੰਚ ਨੁਮਾਇੰਦੇ ਓਮ ਪ੍ਰਕਾਸ਼ ਨੇ ਪਿੰਡ ਵਿਚ ਸਰਕਾਰੀ ਕਾਲਜ ਖੋਲ੍ਹਣ ਦੇ ਐਲਾਨ ’ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਭਾਜਪਾ ਆਗੂ ਨਾਇਬ ਪਟਾਕ ਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਲਾਡਵਾ ਹਲਕੇ ਨੂੰ ਵਿਕਾਸ ਦੇ ਮਾਮਲੇ ਵਿੱਚ ਨਵੀਂ ਪਛਾਣ ਦਿੱਤੀ ਹੈ। ਮੁੱਖ ਮੰਤਰੀ ਵਲੋਂ ਨਵੀਆਂ ਸੜਕਾਂ ਤੇ 25 ਕਿਲੋਮੀਟਰ ਖੇਤਾਂ ਦੇ ਰਸਤੇ ਬਨਾਉਣ, 30 ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਵਿਛਾਉਣ, ਬਾਬੈਨ ਤੇ ਰਾਮ ਸ਼ਰਨ ਮਾਜਰਾ ਨੂੰ ਵਿਕਾਸ ਕਾਰਜਾਂ ਨਾਲ ਨਿਵੇਕਲੀ ਪਛਾਣ ਮਿਲੇਗੀ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਵਿਨੋਦ ਸਿੰਗਲਾ, ਅਨਿਲ ਟਾਟਕੀ, ਰਿੰਕੂ ਕਸ਼ਯਪ, ਦੁਨੀ ਚੰਦ ਟਾਟਕਾ, ਬਖ਼ਤਾਵਰ ਸਿੰਘ, ਨਰਿੰਦਰ ਗੋਜਰੇ, ਅਜੈ ਸਿੰਗਲਾ, ਸੋਹਨ ਚਕਚਾਨਪੁਰ, ਕਿਰਨ ਸ਼ਰਮਾ ਤੇ ਕਈ ਹੋਰ ਭਾਜਪਾ ਕਾਰਕੁਨ ਮੌਜੂਦ ਸਨ।
