ਪਿੰਡ ਰਾਮ ਸਰਨ ਮਾਜਰਾ ਵਿੱਚ ਤਿੰਨ ਰੋਜ਼ਾ ਦੰਗਲ ਕਰਵਾਇਆ ਗਿਆ। ਮੁਕਾਬਲੇ ਦੇ ਦੂਜੇ ਦਿਨ ਅੱਜ ਹਰਿਆਣਾ ਸਣੇ ਵੱਖ-ਵੱਖ ਸੂਬਿਆਂ ਤੋਂ ਪਹਿਲਵਾਨ ਪੁੱਜੇ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਵਾਨ ਖੁਸ਼ਪ੍ਰੀਤ ਨੇ ਮਨੀ ਨੂੰ ਅਤੇ ਦੀਪਕ ਅਯੁੱਧਿਆ ਨੇ ਵਿਨੋਦ ਮਰਟ ਨੂੰ ਹਰਾਇਆ। ਇਸੇ ਤਰ੍ਹਾਂ ਅਸ਼ੋਕ ਮਖਾਲਾ, ਮਾਨਾ ਸਹਾਰਨਪੁਰ, ਕਰਨ ਗੁਡਾ, ਸੁਮਿਤ ਸ਼ਾਹਬਾਦ, ਮੌਂਟੂ ਦਿੱਲੀ, ਬਿੱਲਾ ਮਖਾਲਾ, ਦੀਪ ਮਖਾਲਾ, ਸੁਰਿੰਦਰ ਕਾਲਵਾ, ਸ਼ਿਆਮ ਸੁੰਦਰ ਯਾਰਾ, ਅਮਿਤ ਕੁਰੂਕਸ਼ੇਤਰ, ਗੁਰਬਖਸ਼ ਚੰਡੀਗੜ੍ਹ, ਯੁੱਧਵੀਰ ਪਾਨੀਪਤ, ਜੋਗਿੰਦਰ ਹਿਮਾਚਲ, ਸਨੀ ਜ਼ੀਰਕਪੁਰ, ਬਿੱਲੂ ਮੇਰਠ ਨੇ ਕੁਸ਼ਤੀ ਮੁਕਾਬਲੇ ਜਿੱਤੇ।
ਪੰਚਾਇਤ ਵੱਲੋਂ ਮੁਕਾਬਲਿਆਂ ਦੇ ਦੂਜੇ ਦਿਨ ਦਾ ਉਦਘਾਟਨ ਅਮਿਤ ਸੈਣੀ ਨੇ ਕੀਤਾ। ਇਸ ਦੌਰਾਨ ਹੈਵੀਵੇਟ ਪਹਿਲਵਾਨਾਂ ਦੇ ਮੁਕਾਬਲੇ ਲੋਕਾਂ ਲਈ ਖਿੱਚ ਦਾ ਕੇਂਦਰ ਰਹੇ। ਜੇਤੂ ਪਹਿਲਵਾਨਾਂ ਨੂੰ ਪੰਚਾਇਤ ਵੱਲੋਂ ਨਗਦ ਇਨਾਮਾਂ ਤੇ ਤਗ਼ਮਿਆਂ ਨਾਲ ਸਨਮਾਨਿਆ ਗਿਆ। ਸਰਪੰਚ ਓਮ ਪ੍ਰਕਾਸ਼ ਸੈਣੀ ਨੇ ਕਿਹਾ ਕਿ ਇਹ ਕੁਸ਼ਤੀ ਮੁਕਾਬਲੇ 100 ਸਾਲ ਤੋਂ ਵੱਧ ਸਮੇਂ ਤੋਂ ਮਹਾਂਸ਼ਿਵਰਾਤਰੀ ਮੌਕੇ ਕਰਵਾਏ ਜਾ ਰਹੇ ਹਨ। ਇਹ ਖੇਤਰ ਦੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹਨ। ਅਮਿਤ ਸੈਣੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਅਸਟ੍ਰੇਲੀਆ ਤੋਂ ਆਏ ਸੰਜੀਵ ਸੈਣੀ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਹੋਣ ਵਾਲੇ ਕੁਸ਼ਤੀ ਮੁਕਾਬਲੇ ਨੌਜਵਾਨਾਂ ਨੂੰ ਸਹੀ ਦਿਸ਼ਾ ਅਤੇ ਪਲੈਟਫਾਰਮ ਪ੍ਰਦਾਨ ਕਰਨ ਦਾ ਸ਼ਕਤੀਸ਼ਾਲੀ ਸਾਧਨ ਹਨ।

