Punjab Weather: ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ; ਕਣਕ ਡਿੱਗੀ
ਮੰਗਲਵਾਰ ਦੇਰ ਰਾਤ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਸਮੇਤ ਪੂਰੇ ਖੇਤਰ ਵਿੱਚ ਮੌਸਮ ਨੇ ਖਤਰਨਾਕ ਰੂਪ ਧਾਰ ਲਿਆ, ਜਿੱਥੇ ਤੇਜ਼ ਮੀਂਹ ਅਤੇ ਗਰਜ-ਚਮਕ ਦਾ ਸਿਲਿਸਲਾ ਕਈ ਘੰਟਿਆਂ ਤੱਕ ਜਾਰੀ ਰਿਹਾ। ਮੌਸਮ ਵਿਭਾਗ (IMD) ਅਨੁਸਾਰ ਪੰਜਾਬ ਦੇ ਪਟਿਆਲਾ, ਮੁਹਾਲੀ, ਲੁਧਿਆਣਾ, ਸੰਗਰੂਰ,...
ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ’ਚ ਤੇਜ਼ ਹਵਾਵਾਂ ਅਤੇ ਮੀਂਹ ਮਗਰੋਂ ਕਣਕ ਦੀ ਨੁਕਸਾਨੀ ਗਈ ਫ਼ਸਲ ਨੂੰ ਦੇਖ ਕੇ ਝੂਰਦੇ ਹੋਏ ਕਿਸਾਨ। -ਫੋਟੋ: ਵਿਸ਼ਾਲ ਕੁਮਾਰ
Advertisement
ਮੰਗਲਵਾਰ ਦੇਰ ਰਾਤ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਸਮੇਤ ਪੂਰੇ ਖੇਤਰ ਵਿੱਚ ਮੌਸਮ ਨੇ ਖਤਰਨਾਕ ਰੂਪ ਧਾਰ ਲਿਆ, ਜਿੱਥੇ ਤੇਜ਼ ਮੀਂਹ ਅਤੇ ਗਰਜ-ਚਮਕ ਦਾ ਸਿਲਿਸਲਾ ਕਈ ਘੰਟਿਆਂ ਤੱਕ ਜਾਰੀ ਰਿਹਾ। ਮੌਸਮ ਵਿਭਾਗ (IMD) ਅਨੁਸਾਰ ਪੰਜਾਬ ਦੇ ਪਟਿਆਲਾ, ਮੁਹਾਲੀ, ਲੁਧਿਆਣਾ, ਸੰਗਰੂਰ, ਬਰਨਾਲਾ, ਬਠਿੰਡਾ, ਮੋਗਾ ਅਤੇ ਰੋਪੜ ਆਦਿ ਜ਼ਿਲ੍ਹਿਆਂ ਵਿੱਚ 40-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਜਨ-ਜੀਵਨ ਪ੍ਰਭਾਵਿਤ ਕੀਤਾ।
ਇਸ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਹ ਮੀਂਹ ਕਿਸਾਨ ਦੀ ਮੁੱਖ ਫਸਲ ਕਣਕ ਲਈ ਅਤਿ ਦੀ ਨੁਕਸਾਨਦਾਇਕ ਹੈ। ਇਸ ਨਾਲ ਨਾ ਸਿਰਫ਼ ਕਟਾਈ ਕਰਨ ਲਈ ਤਿਆਰ ਫਸਲ ਦੀ ਵਾਢੀ ਲੇਟ ਹੋ ਰਹੀ ਹੈ ਬਲਕਿ ਇਸ ਨਾਲ ਕਣਕ ਦੇ ਪੱਕੇ ਸਿੱਟੇ ਟੁੱਟ ਰਹੇ ਹਨ ਜਿਹੜੇ ਜਿਣਸ ਦੇ ਝਾੜ ’ਤੇ ਵੀ ਅਸਰ ਪਾਉਣਗੇ।
ਖਾਸ ਕਰਕੇ ਪੰਜਾਬ ਦੇ ਖੇਤੀਬਾੜੀ ਖੇਤਰ ਲਈ ਇਹ ਮੌਸਮ ਕਹਿਰ ਬਣ ਕੇ ਟੁੱਟਿਆ ਹੈ, ਕਿਉਂਕਿ ਪਿਛਲੇ ਦਿਨੀਂ ਮਾਲਵਾ ਪੱਟੀ ਵਿੱਚ ਹੋਈ ਭਾਰੀ ਗੜ੍ਹੇਮਾਰੀ ਕਾਰਨ ਪਹਿਲਾਂ ਹੀ ਕਣਕ ਦੀ ਫ਼ਸਲ ਵਿਛ ਗਈ ਸੀ ਅਤੇ ਹੁਣ ਤਾਜ਼ਾ ਮੀਂਹ ਤੇ ਤੇਜ਼ ਹਵਾਵਾਂ ਨੇ ਬਚੀ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ। ਹਰਿਆਣਾ ਦੇ ਅੰਬਾਲਾ, ਪੰਚਕੂਲਾ ਅਤੇ ਕਰਨਾਲ ਵਿੱਚ ਵੀ ਭਾਰੀ ਮੀਂਹ ਪਿਆ, ਜਦਕਿ ਫ਼ਾਜ਼ਿਲਕਾ, ਮੁਕਤਸਰ ਅਤੇ ਫ਼ਰੀਦਕੋਟ ਵਰਗੇ ਇਲਾਕਿਆਂ ਵਿੱਚ ਵੀ ਮੌਸਮੀ ਹਲਚਲ ਤੇਜ਼ ਰਹੀ। ਪੰਜਾਬ ਦੇ ਕਿਸਾਨਾਂ ਲਈ ਇਹ ਸਮਾਂ ਬੇਹੱਦ ਚੁਣੌਤੀਪੂਰਨ ਬਣ ਗਿਆ ਹੈ ਕਿਉਂਕਿ ਪੱਕ ਕੇ ਤਿਆਰ ਹੋਈ ਕਣਕ ਦੀ ਵਾਢੀ ਵਿੱਚ ਇਸ ਖ਼ਰਾਬ ਮੌਸਮ ਕਾਰਨ ਵੱਡੀ ਰੁਕਾਵਟ ਪੈਦਾ ਹੋ ਗਈ ਹੈ ਅਤੇ ਦਾਣਿਆਂ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਵਧ ਗਿਆ ਹੈ।
ਜ਼ਿਕਰਯੋਗ ਹੈ ਕਿ ਕਿਸਾਨ ਆਗੂ ਪਹਿਲਾਂ ਹੀ ਕਣਕ ਦਾ ਝਾੜ ਘਟਣ ਦਾ ਖਦਸ਼ਾ ਜਤਾ ਚੁੱਕੇ ਹਨ।
Advertisement
Advertisement
×

