Punjab Mandi News: ਬਾਹਰਲੇ ਸੂਬਿਆਂ ਤੋਂ ਝੋਨਾ ਲਿਆਉਣ ’ਤੇ ਆੜ੍ਹਤੀ ਦਾ ਲਾਇਸੈਂਸ ਮੁਅੱਤਲ
15 ਦਿਨਾਂ ਲਈ ਲਾਇਸੈਂਸ ਮੁਅੱਤਲ ਕੀਤਾ; ਦੂਜੇ ਆੜ੍ਹਤੀਏ ਨੂੰ ਨੋਟਿਸ ਜਾਰੀ
Punjab Mandi News: ਪੰਜਾਬ ਦੀਆਂ ਮੰਡੀਆਂ ਵਿੱਚ ਗੁਆਂਢੀ ਸੂਬਿਆਂ ਤੋਂ ਗ਼ੈਰ-ਕਾਨੂੰਨੀ ਝੋਨਾ ਲਿਆ ਕੇ ਸਰਕਾਰੀ ਖ਼ਰੀਦ ਵਿੱਚ ਖਪਾਉਣ ਖ਼ਿਲਾਫ਼ ਮਾਰਕੀਟ ਕਮੇਟੀ ਕਿੱਲਿਆਂਵਾਲੀ ਨੇ ਸਖ਼ਤ ਕਾਰਵਾਈ ਕੀਤੀ ਹੈ।
ਢਾਣੀ ਤੇਲੀਆਂਵਾਲੀ ਖ਼ਰੀਦ ਕੇਂਦਰ ਵਿੱਚ ਰਾਜਸਥਾਨ ਤੋਂ ਲਿਆਂਦਾ ਝੋਨਾ ਉਤਾਰਨ ਦੇ ਮਾਮਲੇ ਵਿੱਚ ਇੱਕ ਆੜ੍ਹਤੀ ਫ਼ਰਮ ਦਾ ਲਾਇਸੈਂਸ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਖ਼ਰੀਦ ਏਜੰਸੀਆਂ ਨੂੰ ਇਸ ਰਾਹੀਂ ਖ਼ਰੀਦ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ।
ਕਿੱਲਿਆਂਵਾਲੀ ਦੀ ਮੁੱਖ ਦਾਣਾ ਮੰਡੀ ਵਿੱਚ ਹਰਿਆਣਾ ਨੰਬਰ ਵਾਲੀ ਟਰੈਕਟਰ-ਟਰਾਲੀ ਰਾਹੀਂ ਗ਼ੈਰ-ਕਾਨੂੰਨੀ ਝੋਨਾ ਉਤਾਰਨ ਬਦਲੇ ਇੱਕ ਹੋਰ ਆੜ੍ਹਤੀ ਫ਼ਰਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਉਪਜ ਮੰਡੀ ਐਕਟ 1961 ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਇਹ ਐਕਸ਼ਨ ਲਿਆ ਗਿਆ ਹੈ। ਬਾਹਰੀ ਝੋਨੇ ਦੀ ਆਮਦ ਨੂੰ ਰੋਕਣ ਲਈ ਨਾਕੇ ਅਤੇ ਚਿਤਾਵਨੀ ਨੋਟਿਸ ਵੀ ਲਾਏ ਗਏ ਹਨ।
ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਦੇ ਅਮਲੇ ਨੇ ਖ਼ੁਫ਼ੀਆ ਸੂਹ ਦੇ ਆਧਾਰ ’ਤੇ ਢਾਣੀ ਤੇਲੀਆਂਵਾਲੀ ਖ਼ਰੀਦ ਕੇਂਦਰ ’ਤੇ ਛਾਪਾ ਮਾਰ ਕੇ ਰਾਜਸਥਾਨ ਦੇ ਸਰਹੱਦੀ ਪਿੰਡ ਹਰੀਪੁਰਾ ਵੱਲੋਂ ਆਈ ਝੋਨੇ ਦੀ ਭਰੀ ਟਰਾਲੀ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦੀ ਬਕਾਇਦਾ ਵੀਡੀਓ ਸਬੂਤ ਵੀ ਦੱਸਿਆ ਜਾਂਦਾ ਹੈ। ਮਾਰਕੀਟ ਕਮੇਟੀ ਕਿੱਲਿਆਂਵਾਲੀ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਚਾਲਕ ਨੇ ਕਬੂਲਿਆ ਕਿ ਝੋਨਾ ਰਾਜਸਥਾਨ ਤੋਂ ਲਿਆਂਦਾ ਗਿਆ ਸੀ। ਪੰਜਾਬ ਖੇਤੀਬਾੜੀ ਉਪਜ ਮੰਡੀ ਐਕਟ 1961 ਦੀ ਧਾਰਾ 10 ਅਤੇ ਮੰਡੀ ਬੋਰਡ ਦੇ ਹਦਾਇਤਾਂ ਦੀ ਉਲੰਘਣਾ ਕਰਨ ’ਤੇ ਸਬੰਧਤ ਆੜ੍ਹਤੀ ਫ਼ਰਮ ਨੂੰ ਜਵਾਬ-ਤਲਬੀ ਮਗਰੋਂ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਖ਼ਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਫ਼ਰਮ ਰਾਹੀਂ ਕੋਈ ਖ਼ਰੀਦ ਨਾ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਬਾਹਰੀ ਝੋਨੇ ਦੀ ਗੈਰ-ਕਾਨੂੰਨੀ ਆਮਦ ਰੋਕਣ ਲਈ ਮਾਰਕੀਟ ਕਮੇਟੀ ਵੱਲੋਂ ਸਰਹੱਦੀ ਨਾਕਿਆਂ ਅਤੇ ਮੰਡੀਆਂ ਵਿੱਚ ਨਿਗਰਾਨੀ ਵਧਾਈ ਗਈ ਹੈ। ਖਰੀਦ ਕੇਂਦਰਾਂ ਅਤੇ ਦਾਣਾ ਮੰਡੀ ਵਿੱਚ ਚਿਤਾਵਨੀ ਨੋਟਿਸ ਵੀ ਲਗਾਏ ਹਨ।

