Punjab Haryana Weather Update: ਪੰਜਾਬ ਤੇ ਹਰਿਆਣਾ ’ਚ 29 ਤੇ 30 ਮਾਰਚ ਨੂੰ ਬਦਲੇਗਾ ਮੌਸਮ
ਮੀਂਹ ਦੇ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਕਿਸਾਨਾਂ ਦੀ ਚਿੰਤਾ ਵਧੀ
ਪੰਜਾਬ ਤੇ ਹਰਿਆਣਾ ਵਿੱਚ ਮੁੜ ਤੋਂ ਮੌਸਮ ਬਦਲਣ ਜਾ ਰਿਹਾ ਹੈ। ਦੋਵਾਂ ਸੂਬਿਆਂ ਵਿੱਚ ਅਗਲੇ ਦੋ ਦਿਨ ਗਰਜ ਤੇ ਚਮਕ ਨਾਲ ਮੀਂਹ ਪੈ ਸਕਦਾ ਹੈ ਤੇ ਤੇਜ਼ ਹਵਾਵਾਂ ਚੱਲਣਗੀਆਂ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਅਗਲੇ ਦੋ ਦਿਨ ਹਲਕਾ ਤੇ ਦਰਮਿਆਨਾ ਮੀਂਹ ਪਵੇਗਾ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਮੌਸਮ ਵਿਗਿਆਨੀਆਂ ਨੇ ਪੰਜਾਬ ਤੇ ਹਰਿਆਣਾ ਵਿੱਚ 29 ਤੇ 30 ਮਾਰਚ ਲਈ ਓਰੈਂਜ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੱਛਮੀ ਗੜਬੜੀ ਦੇ ਚਲਦਿਆਂ ਅੱਜ ਸਵੇਰ ਤੋਂ ਹੀ ਲਹਿੰਦੇ ਪੰਜਾਬ ਵਿੱਚ ਮੌਸਮ ਖਰਾਬ ਹੋ ਗਿਆ। ਇਹ ਬੱਦਲਵਾਈ ਤੇਜ਼ੀ ਨਾਲ ਚੜਦੇ ਪੰਜਾਬ ਵੱਲ ਵੱਧ ਰਹੀ ਹੈ ਜੋ 28 ਮਾਰਚ ਨੂੰ ਦੇਰ ਰਾਤ ਪੰਜਾਬ ਵਿੱਚ ਪੁੱਜ ਜਾਵੇਗੀ ਤੇ ਮੌਸਮ ਬਦਲ ਜਾਵੇਗਾ। ਇਸ ਕਰਕੇ 29 ਮਾਰਚ ਨੂੰ ਦਿਨ ਸਮੇਂ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ 30 ਮਾਰਚ ਨੂੰ ਵੀ ਹਾਲਾਤ ਅਜਿਹੇ ਹੀ ਰਹਿਣਗੇ।
ਉੱਧਰ ਪੰਜਾਬ ਵਿੱਚ ਕਣਕ ਦੀ ਫ਼ਸਲਾਂ ਪੱਕ ਕੇ ਤਿਆਰ ਹੋਣ ਕੰਢੇ ਪਹੁੰਚ ਚੁੱਕੀਆਂ ਹਨ ਅਤੇ ਕਿਸਾਨਾਂ ਵੱਲੋਂ ਫ਼ਸਲਾਂ ਦੀ ਵਾਢੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜਿਹੇ ਸਮੇਂ ਵਿੱਚ ਮੀਂਹ ਪੈਣ ਨਾਲ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫਿਰ ਜਾਵੇਗਾ। ਇਸੇ ਕਰਕੇ ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਦੇ ਕਿਸਾਨਾਂ ਦੇ ਫਿਰਕ ਵਧੇ ਹੋਏ ਹਨ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਵਿੱਚ ਪਟਿਆਲਾ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਸ ਦਰਜ ਕੀਤਾ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ 29.9 ਡਿਗਰੀ, ਲੁਧਿਆਣਾ ਵਿੱਚ 32 ਡਿਗਰੀ, ਬਠਿੰਡਾ ਵਿੱਚ 33.2 ਡਿਗਰੀ, ਫਾਜ਼ਿਲਕਾ ਵਿੱਚ 32.6 ਡਿਗਰੀ, ਫਿਰੋਜ਼ਪੁਰ ਵਿੱਚ 32.6 ਡਿਗਰੀ, ਮੁਹਾਲੀ ਵਿੱਚ 31.8 ਡਿਗਰੀ, ਪਠਾਨਕੋਟ ਵਿੱਚ 28.1 ਡਿਗਰੀ, ਰੋਪੜ ਵਿੱਚ 31 ਡਿਗਰੀ, ਹੁਸ਼ਿਆਰਪੁਰ ਵਿੱਚ 29.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ।

