ਦਿੱਲੀ ਕੂਚ; ਹਰਿਆਣਾ ਪੁਲਿਸ ਨੇ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ, ਸ਼ੰਭੂ ਬਾਰਡਰ ਬੰਦ
ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਕੌਮੀ ਇਨਸਾਫ ਮੋਰਚਾ ਨੇ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ, ਇਸ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਨੇ ਦਿੱਲੀ ਰੂਟ ਲਈ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਕੌਮੀ ਇਨਸਾਫ ਮੋਰਚਾ ਵੱਲੋਂ ਅੱਜ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ ਦੇ ਚਲਦਿਆਂ ਹਰਿਆਣਾ ਪੁਲਿਸ ਵੱਲੋਂ ਸ਼ੰਭੂ ਬੈਰੀਅਰ 'ਤੇ ਜਬਰਦਸਤ ਰੋਕਾਂ ਲਾ ਦਿੱਤੀਆਂ ਗਈਆਂ ਹਨ ਤਾਂ ਜੋ ਇਹ ਕਾਫਲਾ ਅੱਗੇ ਨਾ ਲੰਘ ਸਕੇ। ਉਧਰ ਉਲੀਕੇ ਗਏ ਪ੍ਰੋਗਰਾਮ ਦੇ ਚੱਲਦਿਆਂ ਕੌਮੀ ਇਨਸਾਫ ਮੋਰਚਾ ਦੇ ਸੱਦੇ ਤੇ ਇਨਸਾਫ ਪਸੰਦ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੀ ਇਕੱਤਰਤਾ ਹੋਣੀ ਸ਼ੁਰੂ ਹੋ ਗਈ ਹੈ। ਰੋਸ ਮਾਰਚ ਦੇ ਮੁੱਖ ਪ੍ਰਬੰਧਕ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਜੇ ਹਰਿਆਣਾ ਪੁਲੀਸ ਵੱਲੋਂ ਉਨ੍ਹਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਕਰਨ ਦੀ ਬਜਾਏ ਸ਼ਾਂਤ ਚਿਤ ਹੋ ਕੇ ਇੱਥੇ ਧਰਨਾ ਦਿੰਦਿਆਂ ਤਕਰੀਰਾਂ ਕਰਨਗੇ ’ਤੇ ਬਾਕੀ ਅਗਲਾ ਪ੍ਰੋਗਰਾਮ ਸੰਗਤ ਦੇ ਸਹਿਯੋਗ ਨਾਲ ਉਲੀਕਿਆ ਜਾਵੇਗਾ।।
ਇਸ ਦੇ ਮੱਦੇਨਜ਼ਰ ਹਰਿਆਣਾ ਪੁਲੀਸ ਨੇ ਦਿੱਲੀ ਰੂਟ ਲਈ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਸਵੇਰੇ 5 ਵਜੇ ਤੋਂ ਲਾਗੂ ਹੋ ਗਈ ਹੈ। ਪੁਲੀਸ ਨੇ ਯਾਤਰੀਆਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਐਡਵਾਈਜ਼ਰੀ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਦਿੱਲੀ ਤੋਂ ਅੰਬਾਲਾ ਤੱਕ ਆਉਣ-ਜਾਣ ਵਾਲੇ ਰੂਟ ’ਤੇ ਕੋਈ ਰੁਕਾਵਟ ਨਹੀਂ ਰਹੇਗੀ। ਇਸ ਰੂਟ 'ਤੇ ਯਾਤਰੀਆਂ ਨੂੰ ਸਫ਼ਰ ਵਿੱਚ ਕਿਸੇ ਵੱਡੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਸ਼ੰਭੂ ਬਾਰਡਰ ਰਹੇਗਾ ਬੰਦ
ਅੰਬਾਲਾ ਤੋਂ ਪਟਿਆਲਾ ਵੱਲ ਜਾਣ ਵਾਲੇ ਯਾਤਰੀਆਂ ਲਈ ਮਹੱਤਵਪੂਰਨ ਜਾਣਕਾਰੀ ਜਾਰੀ ਕਰਦੇ ਹੋਏ ਪੁਲੀਸ ਨੇ ਦੱਸਿਆ ਕਿ ਸ਼ੰਭੂ ਬਾਰਡਰ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਕਾਰਨ ਪਟਿਆਲਾ ਦਿਸ਼ਾ ਵਿੱਚ ਆਵਾਜਾਈ 'ਤੇ ਸਿੱਧਾ ਅਸਰ ਪਵੇਗਾ। ਇਸ ਲਈ ਪ੍ਰਸ਼ਾਸਨ ਵੱਲੋਂ ਬਦਲਵੇਂ ਰੂਟਾਂ ਰਾਹੀਂ ਸਫਰ ਦੀ ਸਲਾਹ ਦਿੱਤੀ ਗਈ ਹੈ।
ਇਨ੍ਹਾਂ ਬਦਲਵੇਂ ਰਸਤਿਆਂ ਰਾਹੀਂ ਯਾਤਰਾ ਕਰੋ
ਸ਼ਾਹਬਾਦ → ਸਾਹਾ → ਪੰਚਕੂਲਾ → ਚੰਡੀਗੜ੍ਹ ਰੂਟ
ਅੰਬਾਲਾ → ਲਲੜੂ → ਜ਼ੀਰਕਪੁਰ → ਰਾਜਪੁਰਾ ਰੂਟ
ਪੁਲੀਸ ਨੇ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਕਿਸੇ ਵੀ ਐਮਰਜੈਂਸੀ ਜਾਂ ਟਰੈਫਿਕ ਸਬੰਧੀ ਸਮੱਸਿਆ ਵਿੱਚ ਯਾਤਰੀ 112 ’ਤੇ ਕਾਲ ਕਰ ਸਕਦੇ ਹਨ। ਪੁਲੀਸ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਟੀਮਾਂ ਲਗਾਤਾਰ ਤਾਇਨਾਤ ਹਨ ਅਤੇ ਹਰ ਸਥਿਤੀ ਵਿੱਚ ਸਹਾਇਤਾ ਲਈ ਤਿਆਰ ਹਨ।

