CONGRESS ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰੇ
ਵਿਦਿਆਰਥੀਆਂ ’ਤੇ ਲਾਠੀਚਾਰਜ ਦਾ ਵਿਰੋਧ; ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ
ਇੱਥੇ ਕਾਂਗਰਸੀ ਵਰਕਰਾਂ ਨੇ ਜਗਾਧਰੀ ਸਥਿਤ ਮਿਨੀ ਸਕੱਤਰੇਤ ਅੱਗੇ ਮੁਜ਼ਾਹਰਾ ਕਰ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਇੱਕ ਮੰਗ ਪੱਤਰ ਸੌਂਪਿਆ।
ਕਾਂਗਰਸ ਜ਼ਿਲ੍ਹਾ ਪੇਂਡੂ ਇਕਾਈ ਦੇ ਪ੍ਰਧਾਨ ਨਰਪਾਲ ਸਿੰਘ ਗੁੱਜਰ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦੇਵੇਂਦਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਪਣੇ ਹੱਕਾਂ ਲਈ ਲੜ ਰਹੇ ਨੌਜਵਾਨਾਂ ਨਾਲ ਵਧੀਕੀਆਂ ਕਰ ਰਹੀ ਹੈ। ਜੰਤਰ ਮੰਤਰ ’ਤੇ ਲਾਠੀਚਾਰਜ ਤਾਨਾਸ਼ਾਹੀ ਇਸ ਦੀ ਇੱਕ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦੇਣ ਦੀ ਬਜਾਏ, ਅਧਿਕਾਰੀ ਵਿਦਿਆਰਥੀਆਂ ’ਤੇ ਲਾਠੀਆਂ ਵਰ੍ਹਾ ਰਹੇ ਹਨ। ਇਸ ਮੌਕੇ ਰਵਿੰਦਰ ਬਬਲੂ, ਮੁਕੇਸ਼ ਪਾਲ, ਵਿਕਰਮ ਸੈਣੀ, ਦਵਿੰਦਰ ਸਿੰਘ ਦਾਦੂਪੁਰ, ਆਰੀਅਨ ਗੁੱਜਰ, ਰਵੀ ਕੁਮਾਰ, ਹਰਬੰਸ ਸਿੰਘ, ਵਿਨੈ ਕੰਬੋਜ ਆਦਿ ਹਾਜ਼ਰ ਸਨ।
ਨਰਾਇਣਗੜ੍ਹ (ਫਰਿੰਦਰਪਾਲ ਗੁਲਿਆਣੀ): ਸੀਨੀਅਰ ਕਾਂਗਰਸੀ ਆਗੂ ਅਤੇ ਹਰਿਆਣਾ ਦੇ ਸਾਬਕਾ ਸੂਚਨਾ ਕਮਿਸ਼ਨਰ ਅਸ਼ੋਕ ਮਹਿਤਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਅੱਜ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਦਿੱਲੀ ਪੁਲੀਸ ਵੱਲੋਂ ਵਿਦਿਆਰਥੀਆਂ ’ਤੇ ਕੀਤੇ ਗਏ ਲਾਠੀਚਾਰਜ ਅਤੇ ਰਾਹੁਲ ਗਾਂਧੀ ਨੂੰ ਗ੍ਰਿਫ਼ਤਾਰ ਕਰਨ ਖ਼ਿਲਾਫ਼ ਨਰਾਇਣਗੜ੍ਹ ਦੇ ਅੰਬੇਡਕਰ ਚੌਕ ’ਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ। ਹਰਿਆਣਾ ਦੇ ਸਾਬਕਾ ਸੂਚਨਾ ਕਮਿਸ਼ਨਰ ਅਸ਼ੋਕ ਮਹਿਤਾ ਨੇ ਕਿਹਾ ਕਿ ਭਾਜਪਾ ਸਰਕਾਰ ਅਤੇ ਇਸ ਦੀ ਲੀਡਰਸ਼ਿਪ ਨੇ ਵਿਦਿਆਰਥੀਆਂ ’ਤੇ ਜ਼ੁਲਮ ਕੀਤਾ ਹੈ, ਜਿਸ ਖ਼ਿਲਾਫ਼ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਆਪਣਾ ਰੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਖ਼ਿਲਾਫ਼ ਅੱਜ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਦੇ ਸੱਦੇ ’ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਨਰਾਇਣਗੜ੍ਹ ਵਿੱਚ ਵੀ ਕਾਂਗਰਸੀ ਵਰਕਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਭਰ ਦੇ ਲੋਕ ਭਾਜਪਾ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਤਰੀਕੇ ਦਾ ਵਿਰੋਧ ਕਰ ਰਹੇ ਹਨ ਅਤੇ ਇਹ ਸਰਕਾਰ ਵਿਦਿਆਰਥੀਆਂ ’ਤੇ ਜ਼ੁਲਮ ਕਰ ਰਹੀ ਹੈ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੇ ਨਾਲ-ਨਾਲ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਦੀ ਪੁਰਜ਼ੋਰ ਨਿਖੇਧੀ ਕਰਦੇ ਹਨ। ਇਸ ਮੌਕੇ ਅਜੀਤ ਛਾਬੜਾ, ਅਮਨਪ੍ਰੀਤ ਤਲਵਾਰ, ਓਮ ਪ੍ਰਕਾਸ਼ ਪਾਲ, ਸੰਜੇ ਬਖਸ਼ੀ, ਕੁਸੁਮ ਭਾਰਦਵਾਜ, ਅਤੇ ਸਤੀਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

