PROTEST: ਨਿਗਮ ਤੇ ਫਾਇਰ ਮੁਲਾਜ਼ਮਾਂ ਨੇ ਸਰਕਾਰ ਦਾ ਪੁਤਲਾ ਸਾੜਿਆ
ਮੰਗਾਂ ਨਾ ਮੰਨਣ ਦੇ ਦੋਸ਼ ਲਾਏ; 27ਵੇਂ ਦਿਨ ਹਡ਼ਤਾਲ ਜਾਰੀ ਰਹੀ
ਨਗਰ ਨਿਗਮ ਕਰਮਚਾਰੀ ਯੂਨੀਅਨ ਹਰਿਆਣਾ ਅਤੇ ਹਰਿਆਣਾ ਫਾਇਰ ਬ੍ਰਿਗੇਡ ਵਿਭਾਗ ਕਰਮਚਾਰੀ ਯੂਨੀਅਨ ਦੇ ਸੱਦੇ ’ਤੇ ਮੁਲਾਜ਼ਮ ਲਗਾਤਾਰ 27ਵੇਂ ਦਿਨ ਨਗਰ ਨਿਗਮ ਦੇ ਅਹਾਤੇ ਵਿੱਚ ਇਕੱਠੇ ਹੋਏ ਅਤੇ ਹਰਿਆਣ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਅੱਜ ਹੜਤਾਲ ਦੀ ਪ੍ਰਧਾਨਗੀ ਨਗਰ ਨਿਗਮ ਸ਼ਾਖਾ ਦੇ ਪ੍ਰਧਾਨ ਪਪਲਾ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਵਿਜੇਂਦਰ ਸਿੰਘ ਨੇ ਕੀਤੀ, ਜਦੋਂ ਕਿ ਨਗਰ ਨਿਗਮ ਸ਼ਾਖਾ ਦੇ ਸਕੱਤਰ ਸੁਭਾਸ਼ ਅਤੇ ਫਾਇਰ ਵਿਭਾਗ ਦੇ ਜ਼ਿਲ੍ਹਾ ਸਕੱਤਰ ਰਿੰਕੂ ਕੁਮਾਰ ਨੇ ਕਾਰਵਾਈ ਚਲਾਈ। ਉਨ੍ਹਾਂ ਕਿਹਾ ਕਿ ਸਰਕਾਰ 13 ਮਈ ਨੂੰ ਹੋਏ ਸਮਝੌਤੇ ਤੋਂ ਮੁੱਕਰ ਰਹੀ ਹੈ। ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜਿਸ ਦੇ ਵਿਰੋਧ ਵਿੱਚ ਮੁਲਾਜ਼ਮਾਂ ਨੇ ਅੱਜ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਅਤੇ ਨਗਰ ਨਿਗਮ ਦਫਤਰ ਦੇ ਗੇਟ ’ਤੇ ਹਰਿਆਣਾ ਸਰਕਾਰ ਦਾ ਪੁਤਲਾ ਸਾੜਿਆ। ਨਗਰ ਨਿਗਮ ਦੇ ਸੂਬਾ ਜਨਰਲ ਸਕੱਤਰ ਮਾਂਗੇਰਾਮ ਤਿਗੜਾ ਅਤੇ ਫਾਇਰ ਵਿਭਾਗ ਦੇ ਸੂਬਾ ਜਨਰਲ ਸਕੱਤਰ ਗੁਲਸ਼ਨ ਭਾਰਦਵਾਜ ਨੇ ਦੱਸਿਆ ਕਿ ਹਰਿਆਣਾ ਸਰਕਾਰ ਅਤੇ ਮੁਲਾਜ਼ਮਾਂ ਦੇ ਵਫ਼ਦ ਵਿਚਕਾਰ ਕੱਲ੍ਹ ਹਰਿਆਣਾ ਨਿਵਾਸ ਵਿੱਚ ਮੀਟਿੰਗ ਹੋਈ ਸੀ। ਇਸ ਦੌਰਾਨ ਭਾਜਪਾ ਦੇ ਇੱਕ ਵਰਕਰ ਵੱਲੋਂ ਕਥਿਤ ਦੁਰਵਿਹਾਰ ਤੋਂ ਨਾਰਾਜ਼ ਹੋ ਕੇ ਮੁਲਾਜ਼ਮ ਆਗੂਆਂ ਨੇ ਹਰਿਆਣਾ ਨਿਵਾਸ ਵਿੱਚ ਹੀ ਨਾਅਰੇਬਾਜ਼ੀ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ। ਯੂਨੀਅਨ ਆਗੂਆਂ ਨੇ ਸਵਾਲ ਕੀਤਾ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਗੱਲਬਾਤ ਲਈ ਸੱਦਾ ਦਿੰਦੀ ਹੈ ਤਾਂ ਉਹ ਮੁਲਾਜ਼ਮ ਆਗੂਆਂ ਨੂੰ ਡਰਾਉਣ ਅਤੇ ਅਪਮਾਨਿਤ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ ਜਾਂਦੀ ਹੈ। ਨਗਰ ਨਿਗਮ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਪਰੋਚਾ, ਸੇਵਾਮੁਕਤ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੋਮਨਾਥ, ਖਜ਼ਾਨਚੀ ਮੁਖਤਿਆਰ ਸਿੰਘ, ਬਲਾਕ ਪ੍ਰਧਾਨ ਅਸ਼ੋਕ ਵਰਮਾ ਅਤੇ ਸਕੱਤਰ ਜਰਨੈਲ ਚਿਨਾਲੀਆ ਨੇ ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਭਾਵੇਂ ਕਿੰਨੀਆਂ ਵੀ ਮੀਟਿੰਗਾਂ ਕਰੇ ਜਾਂ ਦਬਾਅ ਪਾਉਣ ਦੇ ਤਰੀਕੇ ਵਰਤੇ, ਇਹ ਮੁਲਾਜ਼ਮਾਂ ਦੀ ਏਕਤਾ ਨੂੰ ਤੋੜ ਨਹੀਂ ਸਕਦੀ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਜਦੋਂ ਤੱਕ ਮੰਗਾਂ ਨਹੀਂ ਜਾਂਦੀਆਂ ਉਦੋਂ ਤੱਕ ਮੁਲਾਜ਼ਮਾਂ ਦਾ ਸੰਘਰਸ਼ ਜਾਰੀ ਰਹੇਗਾ।

