Protest: ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਵਿਭਾਗ ਦੇ ਨਿੱਜੀਕਰਨ ਤੇ ਸਮਾਰਟ ਮੀਟਰ ਯੋਜਨਾ ਦਾ ਵਿਰੋਧ; ਮੰਗਾਂ ਨਾ ਮੰਨਣ ਦੇ ਦੋਸ਼
ਇੱਥੋਂ ਦੇ ਬਿਜਲੀ ਦਫ਼ਤਰ ਅੱਗੇ ਮੁਲਜ਼ਮਾਂ ਨੇ ਹਰਿਆਣਾ ਸਰਕਾਰ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰਾ ਕੀਤਾ। ਇਸ ਮੌਕੇ ਬਿਜਲੀ ਮੁਲਾਜ਼ਮਾਂ ਨੇ ਬਿਜਲੀ ਵਿਭਾਗ ਦੇ ਨਿੱਜੀਕਰਨ, ਸਮਾਰਟ ਮੀਟਰ ਯੋਜਨਾ, ਮੁਲਾਜ਼ਮ ਵਿਰੋਧੀ ਨੀਤੀਆਂ ਰੱਦ ਕਰਨ ਸਣੇ ਹੱਕੀ ਮੰਗਾਂ ਮੰਨਣ ਦੀ ਅਪੀਲ ਕੀਤੀ। ਹਰਿਆਣਾ ਬਿਜਲੀ ਕਰਮਚਾਰੀ ਅਤੇ ਇੰਜਨੀਅਰ ਸਾਂਝਾ ਸੰਘਰਸ਼ ਮੋਰਚੇ ਦੇ ਸੱਦੇ ’ਤੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਇੱਥੇ ਬਿਜਲੀ ਨਿਗਮ ਦੇ ਦਫ਼ਤਰ ਅੱਗੇ ਦਿੱਤੇ ਗਏ ਧਰਨੇ ਦੌਰਾਨ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਨੇ 11, 12 ਅਤੇ 13 ਅਗਸਤ ਨੂੰ ਤਿੰਨ ਰੋਜ਼ਾ ਹੜਤਾਲ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ।
ਧਰਨੇ ਦੀ ਪ੍ਰਧਾਨਗੀ ਸਾਂਝੇ ਤੌਰ ’ਤੇ ਰਾਕੇਸ਼, ਇੰਜਨੀਅਰ ਵਿਕਾਸ ਮਲਿਕ, ਹਰੀ ਓਮ ਅਤੇ ਈਸ਼ਵਰ ਸੈਣੀ ਨੇ ਕੀਤੀ। ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰਿਆਣਾ ਸਰਕਾਰ ਬਿਜਲੀ ਵਿਭਾਗ ਦੇ ਨਿੱਜੀਕਰਨ ਨੂੰ, ਸਮਾਰਟ ਮੀਟਰ ਯੋਜਨਾ ਲਾਗੂ ਕਰਨ ਅਤੇ ਬਿਜਲੀ ਨਿਗਮ ਨੂੰ ਕਮਜ਼ੋਰ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕਰਮਚਾਰੀ ਅਤੇ ਇੰਜਨੀਅਰ ਸਾਂਝਾ ਸੰਘਰਸ਼ ਮੋਰਚਾ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦਾ ਪੁਰਜ਼ੋਰ ਵਿਰੋਧ ਕਰਦਾ ਹੈ ਅਤੇ ਕਿਸੇ ਵੀ ਕੀਮਤ ’ਤੇ ਬਿਜਲੀ ਵਿਭਾਗ ਦੇ ਨਿੱਜੀਕਰਨ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜ਼ਮ ਅਤੇ ਅਧਿਕਾਰੀ, ਵਿਭਾਗ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਆਮ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਇਕਜੁੱਟ ਹਨ। ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦੇ ਖਿਲਾਫ ਲੋਕਤੰਤਰੀ ਤਰੀਕੇ ਨਾਲ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ 11 ਤੋਂ 13 ਅਗਸਤ ਦੀ ਹੜਤਾਲ ਵਿੱਚ ਬਿਜਲੀ ਕਰਮਚਾਰੀ ਅਤੇ ਅਧਿਕਾਰੀ ਵੱਧ-ਚੜ੍ਹ ਕੇ ਹਿੱਸਾ ਲੈਣਗੇ।

