Protest: ਬੈਂਕ ਮੁਲਾਜ਼ਮਾਂ ਵੱਲੋਂ ਮੰਗਾਂ ਮੰਨਵਾਉਣ ਲਈ ਹੜਤਾਲ
ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ; ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਏ
ਬੈਂਕ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਨਵਾਉਣ ਲਈ ਅੱਜ ਹੜਤਾਲ ਕੀਤੀ ਗਈ। ਇਸ ਦੌਰਾਨ ਮੁਲਾਜ਼ਮਾਂ ਨੇ ਮੰਗਾਂ ਨਾ ਮੰਨਣ ਦੇ ਦੋਸ਼ ਲਾਉਂਦੇ ਹੋਏ ਬੈਂਕਾਂ ਅੱਗੇ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਹੜਤਾਲ ਕਾਰਨ ਖਾਤਾਧਾਰਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਮੁਲਾਜ਼ਮ ਆਗੂਆਂ ਅਨੂਪ ਕੁਮਾਰ ਅਤੇ ਵਿਕਾਸ ਸ਼ਰਮਾ ਨੇ ਕਿਹਾ ਕਿ ਹਾਲਾਂਕਿ ਉਹ ਖਾਤਾਧਾਰਕਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ, ਪਰ ਸਰਕਾਰ ਪੰਜ ਦਿਨ ਕੰਮ ਦੀ ਅਹਿਮ ਮੰਗ ਨੂੰ ਲਾਗੂ ਕਰਨ ਵਿੱਚ ਅਸਫਲ ਰਹੀ ਹੈ। ਭਾਵੇਂ ਇਸ ਮੰਗ ਨੂੰ ਜਾਇਜ਼ ਮੰਨਿਆ ਹੈ ਅਤੇ ਸਿਧਾਂਤਕ ਤੌਰ ’ਤੇ ਪ੍ਰਵਾਨਗੀ ਵੀ ਦਿੱਤੀ ਗਈ ਹੈ, ਪਰ ਇਸ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਮਾਰਚ 2024 ਵਿੱਚ ਇੰਡੀਅਨ ਬੈਂਕਸ ਐਸੋਸੀਏਸ਼ਨ ਨਾਲ ਹੋਏ ਸਮਝੌਤੇ ਵਿੱਚ ਇਸ ਉਪਾਅ ਨੂੰ ਮਨਜ਼ੂਰੀ ਦਿੱਤੀ ਗਈ ਸੀ, ਫਿਰ ਵੀ ਵਿੱਤ ਮੰਤਰਾਲੇ ਵੱਲੋਂ ਅੰਤਿਮ ਨੋਟੀਫਿਕੇਸ਼ਨ ਜਾਰੀ ਹੋਣਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨਾਲ ਇਹ ਸਮਝੌਤਾ ਹੋਇਆ ਸੀ ਕਿ ਜੇਕਰ ਬੈਂਕ ਮੁਨਾਫ਼ਾ ਕਮਾਉਂਦੇ ਹਨ ਤਾਂ ਮੁਲਾਜ਼ਮਾਂ ਨੂੰ ਕ੍ਰਮਵਾਰ 5, 10 ਅਤੇ 15 ਦਿਨਾਂ ਦੀ ਤਨਖਾਹ ਦੇ ਬਰਾਬਰ ਬੋਨਸ ਮਿਲੇਗਾ। ਹਾਲਾਂਕਿ ਇਸ ਸਮਝੌਤੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਰਕਾਰ ਨੇ ਹੁਣ ਇੱਕ ਨਵਾਂ ਹੁਕਮ ਜਾਰੀ ਕੀਤਾ ਹੈ ਜਿਸ ਤਹਿਤ ਸਕੇਲ-4 ਅਤੇ ਇਸ ਤੋਂ ਉੱਪਰਲੇ ਅਧਿਕਾਰੀਆਂ ਨੂੰ 365 ਦਿਨਾਂ ਦੀ ਤਨਖਾਹ ਦੇ ਬਰਾਬਰ ਪ੍ਰੋਤਸਾਹਨ ਦੇਣ ਦੀ ਗੱਲ ਕੀਤੀ ਹੈ, ਜਿਸ ਨੂੰ ਮੁਲਾਜ਼ਮ ਸਵੀਕਾਰ ਨਹੀਂ ਕਰਦੇ। ਮੁਲਾਜ਼ਮ ਆਗੂਆਂ ਦਾ ਤਰਕ ਹੈ ਕਿ ਬੈਂਕ ਦੇ ਮੁਨਾਫ਼ੇ ਵਿੱਚ ਸਾਰੇ ਸਟਾਫ ਮੈਂਬਰਾਂ ਦਾ ਯੋਗਦਾਨ ਹੁੰਦਾ ਹੈ, ਇਸ ਲਈ, ਇਹ ਬੋਨਸ ਤਨਖਾਹ ਸਾਰੇ ਬੈਂਕ ਮੁਲਾਜ਼ਮਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਦਿਵਿਆ, ਪੁਰਸ਼ਾਰਥ ਅਤੇ ਨਰੇਸ਼ ਉੱਪਲ ਵਰਗੇ ਗਾਹਕ ਮੰਨਦੇ ਹਨ ਕਿ ਮੁਲਾਜ਼ਮਾਂ ਦੀ ਇਸ ਮੰਗ ਤੇ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ, ਪਰ ਮੁਲਾਜ਼ਮਾਂ ਅਤੇ ਸਰਕਾਰ ਦੋਵਾਂ ਨੂੰ, ਜਨਤਾ ਨੂੰ ਹੋਣ ਵਾਲੀ ਪ੍ਰੇਸ਼ਾਨੀ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਬੈਂਕ ਮੁਲਾਜ਼ਮਾਂ ਦੀ ਇਸ ਦੇਸ਼-ਵਿਆਪੀ ਹੜਤਾਲ ਕਾਰਨ ਦੇਸ਼ ਭਰ ਵਿੱਚ ਕਰੋੜਾਂ ਰੁਪਏ ਦੇ ਲੈਣ-ਦੇਣ ਪ੍ਰਭਾਵਿਤ ਹੋਏ ਹਨ। ਮੁਲਾਜ਼ਮ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 28, 29 ਅਤੇ 30 ਸਤੰਬਰ ਨੂੰ ਦੁਬਾਰਾ ਤਿੰਨ ਦਿਨਾਂ ਹੜਤਾਲ ਕੀਤੀ ਜਾਵੇਗੀ। ਜੇਕਰ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮੁਲਾਜ਼ਮ 26 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰਨ ਲਈ ਮਜਬੂਰ ਹੋਣਗੇ।

