CONGRESS ਦੇ ਓ ਬੀ ਸੀ ਵਿੰਗ ਵੱਲੋਂ ਕੇਂਦਰ ਖ਼ਿਲਾਫ਼ ਮੁਜ਼ਾਹਰਾ
ਜਾਤੀ ਆਧਾਰਿਤ ਜਨਗਣਨਾ ਦੀ ਮੰਗ; ਸਰਕਾਰ ’ਤੇ ਲੋਕਾਂ ’ਚ ਵੰਡੀਆਂ ਪਾਉਣ ਦੇ ਦੋਸ਼
ਹਰਿਆਣਾ ਕਾਂਗਰਸ ਦੇ ਓ ਬੀ ਸੀ ਵਿੰਗ ਦੀ ਅਗਵਾਈ ਹੇਠ ਇੱਥੇ ਰਾਜ ਸਭਾ ਮੈਂਬਰ ਕਰਮਵੀਰ ਬੌਧ ਅਤੇ ਵਿਧਾਇਕ ਚੰਦਰ ਪ੍ਰਕਾਸ਼ ਦੀ ਅਗਵਾਈ ਵਿੱਚ ਜਾਤੀ ਆਧਾਰਿਤ ਜਨਗਣਨਾ ਦੀ ਮੰਗ ਲਈ ਕੇਂਦਰ ਖ਼ਿਲਾਫ਼ ਪ੍ਰਦਰਸ਼ਨ ਮਗਰੋਂ ਡਿਪਟੀ ਕਮਿਸ਼ਨਰ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਵਿਧਾਇਕ ਚੰਦਰ ਪ੍ਰਕਾਸ਼ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮਿਨੀ ਸਕੱਤਰੇਤ ਨੇੜੇ ਇਕੱਠੇ ਹੋਏ। ਇਸ ਮੌਕੇ ਵਿਧਾਇਕ ਚੰਦਰ ਪ੍ਰਕਾਸ਼ ਨੇ ਕਿਹਾ ਕਿ ਜਾਤੀ ਆਧਾਰਿਤ ਜਨਗਣਨਾ ਦੀ ਮੰਗ ਲਈ ਵਿਸ਼ੇਸ਼ ਮੁਹਿੰਮ 100 ਦਿਨਾਂ ਤੱਕ ਜਾਰੀ ਰਹੇਗੀ। ਇਸ ਮੁਹਿੰਮ ਤਹਿਤ ਪੈਦਲ ਮਾਰਚ, ਧਰਨੇ, ਪ੍ਰਦਰਸ਼ਨ, ਭੁੱਖ ਹੜਤਾਲ ਅਤੇ ਰੈਲੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਭਾਜਪਾ ਸਰਕਾਰ ਨੂੰ ਪਾਰਦਰਸ਼ੀ ਅਤੇ ਵਿਗਿਆਨਕ ਢੰਗ ਨਾਲ ਜਾਤੀ ਆਧਾਰਿਤ ਜਨਗਣਨਾ ਕਰਵਾਉਣ ਲਈ ਮਜਬੂਰ ਕੀਤਾ ਜਾਵੇਗਾ। ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਰਾਜ ਸਭਾ ਮੈਂਬਰ ਕਰਮਵੀਰ ਬੌਧ ਨੇ ਕਿਹਾ ਕਿ ਵਾਅਦਿਆਂ ਤੋਂ ਮੁੱਕਰਨਾ ਪਾਰਟੀ ਦੀ ਪੁਰਾਣੀ ਆਦਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓ ਬੀ ਸੀ ਵਰਗ ਦੀ ਭਲਾਈ ਬਾਰੇ ਖੋਖਲੇ ਦਾਅਵੇ ਕਰਦੇ ਹਨ। ਕਰਮਵੀਰ ਬੌਧ ਨੇ ਕਿਹਾ ਕਿ ਭਾਜਪਾ ਦੀ ਨੀਤੀ ਹਮੇਸ਼ਾ ਸਮਾਜ ਨੂੰ ਵੰਡਣ ਦੀ ਰਹੀ ਹੈ, ਜਦੋਂ ਕਿ ਕਾਂਗਰਸ ਪਾਰਟੀ ਦੀ ਨੀਤੀ ਬਿਲਕੁਲ ਵੱਖਰੀ ਹੈ। ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਨਰਪਾਲ ਸਿੰਘ ਗੁੱਜਰ ਨੇ ਕਿਹਾ ਕਿ ਲੋਕਾਂ ਨੇ ਭਾਜਪਾ ਦੀਆਂ ਵੰਡ-ਪਾਊ ਨੀਤੀਆਂ ਨੂੰ ਸਮਝ ਲਿਆ ਹੈ ਅਤੇ ਉਹ ਹੁਣ ਪਾਰਟੀ ਦੇ ਧੋਖੇ ਵਿੱਚ ਨਹੀਂ ਆਉਣਗੇ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਹਰ ਮਾਮਲੇ ਵਿੱਚ ਆਪਣੇ ਸਵਾਰਥ ਨੂੰ ਪਹਿਲ ਦਿੰਦੀ ਹੈ ਅਤੇ ਲੋਕਾਂ ਨੂੰ ਜਾਤ-ਪਾਤ, ਧਰਮ ਆਦਿ ਦੇ ਆਧਾਰ ‘ਤੇ ਵੰਡ ਕੇ ਆਪਣੇ ਹੀ ਏਜੰਡੇ ਪੂਰੇ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਸੀਨੀਅਰ ਆਗੂ ਨਿਰਮਲਾ ਚੌਹਾਨ, ਯਮੁਨਾਨਗਰ ਤੋਂ ਕਾਂਗਰਸ ਦੇ ਸਾਬਕਾ ਉਮੀਦਵਾਰ ਰਮਨ ਤਿਆਗੀ, ਪੰਡਿਤ ਰਾਜਕੁਮਾਰ ਤਿਆਗੀ, ਸਤਪਾਲ ਕੌਸ਼ਿਕ, ਮੋਹਨ ਗੁੱਜਰ, ਨਰਸਿੰਘ ਪਾਲ, ਜ਼ਾਕਿਰ ਹੁਸੈਨ, ਬਰਖਾ ਰਾਮ ਪੰਸਾਰਾ ਨੇ ਵੀ ਸੰਬੋਧਨ ਕੀਤਾ।

