ਪ੍ਰਭੂ ਦਿਆਲ
ਸਿਰਸਾ, 18 ਜੂਨ
ਫਤਿਆਬਾਦ ਡਿਪੂ ਦੇ ਕੰਡਕਟਰ ’ਤੇ ਕੁਝ ਮੁੰਡਿਆਂ ਵੱਲੋਂ ਕੀਤੇ ਗਏ ਹਮਲੇ ਖ਼ਿਲਾਫ਼ ਰੋਡਵੇਜ਼ ਮੁਲਾਜ਼ਮਾਂ ਨੇ ਬੱਸ ਅੱਡੇ ਦੇ ਗੇਟ ’ਤੇ ਧਰਨਾ ਦੇ ਕੇ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਬੱਸ ਅੱਡੇ ਦੇ ਬਾਹਰ ਧਰਨੇ ’ਤੇ ਬੈਠੇ ਰੋਡਵੇਜ਼ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਡਿਪੂ ਪ੍ਰਧਾਨ ਪ੍ਰਿਥਵੀ ਸਿੰਘ ਚਾਹਰ, ਚਮਨ ਲਾਲ ਸਵਾਮੀ ਅਤੇ ਲਡੂ ਰਾਮ ਕਿਹਾ ਕਿ 16 ਜੂਨ ਨੂੰ ਹਰਿਆਣਾ ਡਿਪੂ ਦੀ ਇੱਕ ਬੱਸ ਹਰਿਦੁਆਰ ਤੋਂ ਫਤਿਆਬਾਦ ਜਾ ਰਹੀ ਸੀ। ਜਦੋਂ ਇਹ ਹਿਸਾਰ ਬੱਸ ਸਟੈਂਡ ਪਹੁੰਚੀ ਤਾਂ ਕੁਝ ਮੁੰਡੇ ਵੀ ਯਾਤਰੀਆਂ ਦੇ ਨਾਲ ਬੱਸ ਵਿੱਚ ਚੜ੍ਹ ਗਏ। ਜਦੋਂ ਕੰਡਕਟਰ ਕ੍ਰਿਸ਼ਨਾ ਕੁੰਡੂ ਨੇ ਇੱਕ ਨੌਜਵਾਨ ਨੂੰ ਟਿਕਟ ਖਰੀਦਣ ਲਈ ਕਿਹਾ ਤਾਂ ਉਸ ਨੇ ਨਾ ਸਿਰਫ ਟਿਕਟ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ 10-15 ਦੋਸਤਾਂ ਅਗਲੇ ਅੱਡੇ ’ਤੇ ਬੁਲਾ ਕੇ ਕੰਡਕਟਰ ’ਤੇ ਹਮਲਾ ਕਰ ਦਿੱਤਾ। ਕੰਡਕਟਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਕੰਡਕਟਰ ਦਾ ਅਗਰੋਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਫਤਿਆਬਾਦ ਅਤੇ ਟੋਹਾਣਾ ਦੇ ਰੋਡਵੇਜ਼ ਮੁਲਾਜ਼ਮ ਹੜਤਾਲ ’ਤੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤੇ ਕੰਡਕਟਰਾਂ ਤੇ ਡਰਾਈਵਰਾਂ ਦੀ ਸੁਰੱਖਿਆ ਦੇ ਪੁਖਤਾ ਇੰਤਜਾਮ ਨਾ ਕੀਤਾ ਗਿਆ ਤਾਂ ਰੋਡਵੇਜ਼ ਮੁਲਾਜ਼ਮ ਪੂਰੇ ਸੂਬੇ ’ਚ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ।