ਜੀਂਦ ’ਚ MODI ਦੀ ਰੈਲੀ ਲਈ ਤਿਆਰੀਆਂ ਤੇਜ਼
ਡਿਪਟੀ ਸਪੀਕਰ ਵੱਲੋਂ ਪਿੰਡਾਂ ’ਚ ਮੀਟਿੰਗਾਂ; ਲੋਕਾਂ ਨੂੰ ਰੈਲੀ ’ਚ ਪੁੱਜਣ ਦਾ ਸੱਦਾ
ਜੀਂਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਇਸੇ ਤਹਿਤ ਜੀਂਦ ਹਲਕੇ ਦੇ ਪਿੰਡ ਖੇੜੀ, ਤਲੋਡਾ, ਲੋਹਚਵ ਅਤੇ ਮਨੋਹਰਪੁਰ ਸਹਿਤ ਦਰਜਨਾਂ ਪਿੰਡਾਂ ਵਿੱਚ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਨੇ ਮੀਟਿੰਗ ਕੀਤੀਆਂ ਅਤੇ ਲੋਕਾਂ ਨੂੰ ਰੈਲੀ ’ਚ ਪੁੱਜਣ ਦਾ ਸੱਦਾ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਜੀਂਦ ਜ਼ਿਲ੍ਹੇ ਦਾ ਨਾਮ 17 ਜੁਲਾਈ ਨੂੰ ਦੇਸ਼ ਦੇ ਵਿਕਾਸ ਦੇ ਇਤਿਹਾਸ ਵਿੱਚ ਇੱਕ ਨਵੇਂ ਅਧਿਆਇ ਨਾਲ ਜੁੜਨ ਜਾ ਰਿਹਾ ਹੈ। ਜੀਂਦ ਦੇ ਰੇਲਵੇ ਜੰਕਸ਼ਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਜੀਂਦ ਤੋਂ ਸੋਨੀਪਤ ਲਈ ਰਵਾਨਾ ਕਰਨਗੇ। ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਨੇ ਇਸ ਨੂੰ ਸਿਰਫ਼ ਹਰਿਆਣਾ ਹੀ ਨਹੀਂ, ਸਗੋਂ ਪੂਰੇ ਭਾਰਤ ਲਈ ਇਤਿਹਾਸਕ ਪ੍ਰਾਪਤੀ ਦੱਸਦੇ ਹੋਏ ਕਿਹਾ ਕਿ ਇਸ ਯੋਜਨਾ ਨਾਲ ਜੀਂਦ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਜੀਂਦ ਵਿਧਾਨ ਸਭਾ ਇਲਾਕੇ ਵਿੱਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਭਾਰੀ ਗਿਣਤੀ ਵਿੱਚ ਬਜ਼ੁਰਗ ਰਵਾਇਤੀ ਚਿੱਟੀ ਪੱਗ ਬੰਨ੍ਹ ਕੇ ਮੋਦੀ ਜੀ ਦਾ ਸਵਾਗਤ ਕਰਨਗੇ। ਡਾ. ਮਿੱਢਾ ਨੇ ਦਾਅਵਾ ਕੀਤਾ ਕਿ ਜੀਂਦ ਵਿਧਾਨ ਸਭਾ ਇਲਾਕੇ ਤੋਂ ਰਿਕਾਰਡ ਤੋੜ ਗਿਣਤੀ ਵਿੱਚ ਲੋਕਾਂ ਦੀ ਭਾਗੀਦਾਰੀ ਹੋਵੇਗੀ। ਉਨ੍ਹਾਂ ਨੇ ਲੋਕਾਂ ਨੂੰ ਸਮਾਗਮ ਵਿੱਚ ਪਹੁੰਚਣ ਲਈ ਵੱਧ ਤੋਂ ਵੱਧ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਪੀ ਏ ਮੋਹਿਤ ਸ਼ਰਮਾ ਅਤੇ ਮੀਡੀਆ ਇੰਚਾਰਜ ਸੰਨੀ ਮੱਗੂ ਆਦਿ ਹਾਜ਼ਰ ਸਨ।

