
ਪਿੰਡ ਚੌਟਾਲਾ ਵਿੱਚ ਬਿਜਲੀ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਲੋਕ।
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 25 ਮਈ
ਲੰਘੀ 17-18 ਮਈ ਦੀ ਦਰਮਿਆਨੀ ਰਾਤ ਆਏ ਝੱਖੜ ਦੇ 9 ਦਿਨਾਂ ਮਗਰੋਂ ਵੀ ਪਿੰਡ ਚੌਟਾਲਾ ਦੀਆਂ ਨੇੜਲੀਆਂ ਕਈ ਦਰਜਨ ਢਾਣੀਆਂ ਦੀ ਬਿਜਲੀ ਸੇਵਾ ਬਹਾਲ ਨਹੀਂ ਹੋ ਸਕੀ। ਝੱਖੜ ਨਾਲ ਹੋਇਆ ਨੁਕਸਾਨ ਅੱਜ ਤੱਕ ਸਰਕਾਰੀ ਤੰਤਰ ਅਤੇ ਜਨਤਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ।
ਬਿਜਲੀ ਸੇਵਾ ਬਹਾਲੀ ਲਈ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਦੀਆਂ ਕੋਸ਼ਿਸ਼ਾਂ ਨਾਕਾਫ਼ੀ ਸਾਬਤ ਹੋ ਰਹੀਆਂ ਹਨ ਤੇ ਬਿਜਲੀ ਬੰਦ ਹੋਣ ਕਾਰਨ ਲਗਪਗ ਡੇਢ-ਦੋ ਸੌ ਪਰਿਵਾਰ ਪ੍ਰੇਸ਼ਾਨ ਹਨ। ਇੰਨੇ ਦਿਨਾਂ ’ਚ ਬਿਜਲੀ ਸੇਵਾ ਬਹਾਲ ਨਾ ਹੋਣ ਤੋਂ ਪ੍ਰੇਸ਼ਾਨ ਲੋਕਾਂ ਨੇ ਕਿਸਾਨ ਆਗੂ ਰਾਕੇਸ਼ ਫਾਗੋੜੀਆ ਦੀ ਅਗਵਾਈ ਹੇਠ ਚੌਟਾਲਾ 33ਕੇਵੀ ਬਿਜਲੀ ਘਰ ਦੇ ਸਾਹਮਣੇ ਧਰਨਾ ਲਗਾ ਦਿੱਤਾ। ਧਰਨੇ ’ਤੇ ਬੈਠੇ ਰਾਜੇਸ਼ ਬਿਸ਼ਨੋਈ, ਭਾਗੀਰਥ ਨੈਣ, ਹਨੂੰਮਾਨ ਸ਼ਰਮਾ ਅਤੇ ਔਰਤਾਂ ਨੇ ਦੱਸਿਆ ਕਿ ਬਿਜਲੀ ਸੇਵਾ ਠੱਪ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਅਤੇ ਰੋਜ਼ਾਨਾ ਜ਼ਿੰਦਗੀ ਪੂਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ। ਔਰਤਾਂ ਨੇ ਦੱਸਿਆ ਕਿ ਉਨਾਂ ਦੇ ਘਰਾਂ ਵਿੱਚ ਫਰਿੱਜ ਬੰਦ ਹਨ। ਅਤਿ ਦੀ ਗਰਮੀ ਕਰਕੇ ਦੁੱਧ ਅਤੇ ਹੋਰ ਖਾਦ ਪਦਾਰਥ ਤੁਰੰਤ ਖ਼ਰਾਬ ਹੋ ਰਹੇ ਹਨ। ਹਨੂੰਮਾਨ ਸ਼ਰਮਾ ਨੇ ਕਿਹਾ ਕਿ ਬਿਜਲੀ ਨਾ ਹੋਣ ਕਰਕੇ ਮੋਬਾਈਲ ਚਾਰਜ ਕਰਨ ਤੱਕ ਦੀ ਸਮੱਸਿਆ ਆ ਰਹੀ ਹੈ।
ਦੂਜੇ ਪਾਸੇ ਚੌਟਾਲਾ ਸਬ ਡਿਵੀਜ਼ਨ ਦੇ ਐੱਸਡੀਓ ਸੰਦੀਪ ਗੋਗੀਆ ਨੇ ਦੱਸਿਆ ਕਿ ਝੱਖੜ ਕਰਕੇ ਸਬ ਡਿਵੀਜਨ ਚੌਟਾਲਾ ’ਚ ਬਿਜਲੀ ਦੇ 430 ਖੰਭੇ ਡਿੱਗ ਗਏ ਸਨ, ਜਿਸ ਵਿੱਚੋਂ 230 ਖੰਭੇ ਮੁੜ ਖੜ੍ਹੇ ਕਰ ਦਿੱਤੇ ਹਨ ਅਤੇ ਬਾਕੀ ਖੰਭੇ ਠੀਕ ਕਰਕੇ ਜਲਦੀ ਹੀ ਬਿਜਲੀ ਸਪਾਲਾਈ ਬਹਾਲ ਕਰ ਦਿੱਤੀ ਜਾਵੇਗੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ