ਰੱਤਾ ਖੇੜਾ ਵਿੱਚ ਪੁਲੀਸ ਦਾ ਛਾਪਾ
ਪੁਲੀਸ ਸੁਪਰਡੈਂਟ ਸਿਧਾਂਤ ਜੈਨ ਦੇ ਨਿਰਦੇਸ਼ਾਂ ਤਹਿਤ ਫਤਿਹਾਬਾਦ ਪੁਲੀਸ ਨੇ ਰਤੀਆ ਸਬ-ਡਿਵੀਜ਼ਨ ਵਿੱਚ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ। ਇਸ ਅਪਰੇਸ਼ਨ ਦਾ ਨਾਮ ਜੀਵਨ ਜੋਤੀ ਹੈ ਜਿਸ ਦਾ ਮਕਸਦ ਨਸ਼ਾ ਤਸਕਰਾਂ ਦਾ ਖ਼ਾਤਮਾ, ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਮਸ਼ਕੂਕਾਂ ਦੀਆਂ ਗਤੀਵਿਧੀਆਂ ਨੂੰ ਰੋਕਣਾ ਹੈ। ਰਤੀਆ ਸਿਟੀ ਪੁਲੀਸ ਸਟੇਸ਼ਨ ਦੇ ਮੁਖੀ ਸਬ-ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਤੜਕੇ ਪਿੰਡ ਰੱਤਾਖੇੜਾ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲੀਸ ਦੇ ਨਾਲ-ਨਾਲ ਡੌਗ ਸਕੁਐਡ ਅਤੇ ਕਮਾਂਡੋ ਯੂਨਿਟ ਤਾਇਨਾਤ ਸਨ, ਜਿਨ੍ਹਾਂ ਨੇ ਪਿੰਡ ਦੀਆਂ ਮੁੱਖ ਗਲੀਆਂ, ਘਰਾਂ, ਸੁੰਨਸਾਨ ਥਾਵਾਂ ਅਤੇ ਕੱਚੇ ਰਸਤਿਆਂ ਦੀ ਜਾਂਚ ਕੀਤੀ। ਪੁਲੀਸ ਟੀਮਾਂ ਨੇ ਕੁਝ ਸ਼ੱਕੀ ਵਿਅਕਤੀਆਂ ਕੋਲੋਂ ਪੁੱਛ-ਪੜਤਾਲ ਕੀਤੀ, ਦੋਪਹੀਆ ਅਤੇ ਚਾਰ-ਪਹੀਆ ਵਾਹਨਾਂ ਦੀ ਤਲਾਸ਼ੀ ਲਈ। ਇਸ ਦੌਰਾਨ ਕੁਝ ਥਾਵਾਂ ’ਤੇ ਵਾਧੂ ਪੁਲੀਸ ਜਵਾਨ ਤਾਇਨਾਤ ਕੀਤੇ। ਇਹ ਕਾਰਵਾਈ ਦੁਪਹਿਰ ਤੱਕ ਜਾਰੀ ਰਹੀ। ਸਬ-ਇੰਸਪੈਕਟਰ ਰਣਜੀਤ ਸਿੰਘ ਨੇ ਕਿਹਾ ਕਿ ਰਤੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਮੁਹਿੰਮ ਦ੍ਰਿੜਤਾ ਨਾਲ ਜਾਰੀ ਰਹੇਗੀ। ਉਨ੍ਹਾਂ ਆਖਿਆ ਕਿ ਪੁਲੀਸ ਚੌਕਸ ਹੈ ਅਤੇ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਨਸ਼ਿਆਂ ਦੇ ਖਾਤਮੇ ਲਈ ਸਖ਼ਤ ਕਾਰਵਾਈ ਕਰਦੀ ਰਹੇਗੀ। ਫਤਿਹਾਬਾਦ ਪੁਲੀਸ ਨੇ ਲੋਕਾਂ ਨੂੰ ਨਸ਼ਾ ਤਸਕਰਾਂ ਤੇ ਸ਼ੱਕੀ ਗਤੀਵਿਧੀਆਂ ਬਾਰੇ ਤੁਰੰਤ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ।
