ਪੁਲੀਸ ਵੱਲੋਂ ਨਾਕੇ ’ਤੇ ਸਿਵਲ ਕੱਪੜਿਆਂ ’ਚ ਡੀਸੀਪੀ ਦੀ ਜਾਂਚ
ਪੰਚਕੂਲਾ, 12 ਜੂਨ
ਪੰਚਕੂਲਾ ਪੁਲੀਸ ਦੀ ਡੀਸੀਪੀ ਸ੍ਰਿਸ਼ਟੀ ਗੁਪਤਾ ਰਾਤ ਨੂੰ ਚੈੱਕ ਪੋਸਟਾਂ ’ਤੇ ਪੁਲੀਸ ਮੁਲਾਜ਼ਮਾਂ ਦੀ ਚੌਕਸੀ ਦੀ ਜਾਂਚ ਕਰਨ ਲਈ ਇੱਕ ਨਿੱਜੀ ਵਾਹਨ ਅਤੇ ਸਿਵਲ ਕੱਪੜਿਆਂ ਵਿੱਚ ਚੈੱਕ ਪੋਸਟ ’ਤੇ ਪਹੁੰਚੀ, ਤਾਂ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਪਛਾਣਿਆ ਨਹੀਂ। ਉਨ੍ਹਾਂ ਡੀਸੀਪੀ ਨੂੰ ਇੱਕ ਆਮ ਨਾਗਰਿਕ ਸਮਝ ਕੇ ਸਵਾਲ ਪੁੱਛੇ ਅਤੇ ਡੀਸੀਪੀ ਨੂੰ ਅਲਕੋਸੈਂਸਰ ਵਿੱਚ ਫੂਕ ਮਾਰਨ ਲਈ ਕਿਹਾ। ਪੁਲੀਸ ਮੁਲਾਜ਼ਮਾਂ ਦੀ ਇਸ ਸਰਗਰਮੀ ਨੂੰ ਦੇਖਦਿਆਂ ਡੀਸੀਪੀ ਨੇ ਉਨ੍ਹਾਂ ਦਾ ਨਕਦ ਇਨਾਮ ਦੇ ਕੇ ਸਨਮਾਨ ਕੀਤਾ। ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਚੈੱਕ ਪੋਸਟਾਂ ’ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਵਾਹਨਾਂ ਦੀ ਜਾਂਚ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਪੰਜ ਪੁਲੀਸ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਨਕਦ ਇਨਾਮ ਦੇ ਕੇ ਸਨਮਾਨਿਆ। ਇਹ ਸਨਮਾਨ ਪੰਚਕੂਲਾ ਦੇ ਸੈਕਟਰ-1 ਸਥਿਤ ਡੀਸੀਪੀ ਦਫ਼ਤਰ ਵਿੱਚ ਦਿੱਤਾ ਗਿਆ। ਬੋਲੇਰੋ ਗੱਡੀ ਵਿੱਚ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਐਸਪੀਓ ਧਰਮਵੀਰ ਅਤੇ ਐਸਪੀਓ ਸੁਰਜੀਤ ਸਿੰਘ ਨੂੰ ਡਿਪਟੀ ਕਮਿਸ਼ਨਰ ਆਫ਼ ਪੁਲੀਸ ਨੇ ਪ੍ਰਸ਼ੰਸਾ ਪੱਤਰ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਦੋਵਾਂ ਨੇ ਚੈੱਕ ਪੋਸਟ 'ਤੇ ਗੈਰ-ਕਾਨੂੰਨੀ ਸ਼ਰਾਬ ਫੜੀ ਸੀ।