ਪੁਲੀਸ 28 ਮਈ ਨੂੰ ਮਨਾਈ ਜਾਣ ਵਾਲੀ ਬਕਰੀਦ ਨੂੰ ਸ਼ਾਂਤੀਪੂਰਨ, ਸੁਰੱਖਿਅਤ ਅਤੇ ਸਦਭਾਵਨਾਪੂਰਨ ਬਣਾਉਣ ਲਈ ਪੂਰੀ ਤਰ੍ਹਾਂ ਚੌਕਸ ਹੈ। ਪੁਲੀਸ ਕਮਿਸ਼ਨਰ ਸਤੇਂਦਰ ਕੁਮਾਰ ਗੁਪਤਾ ਦੀ ਅਗਵਾਈ ਹੇਠ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਜਨਤਾ ਸੁਰੱਖਿਅਤ ਮਾਹੌਲ ਵਿੱਚ ਤਿਉਹਾਰ ਮਨਾਉਣ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਭਰ ਵਿੱਚ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਇਸੇ ਤਹਿਤ ਜ਼ਿਲ੍ਹੇ ਦੇ ਸਾਰੇ ਪੁਲੀਸ ਸਟੇਸ਼ਨ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਪੈਦਲ ਮਾਰਚ ਕੀਤੇ ਗਏ। ਇਸ ਦੌਰਾਨ ਸਬੰਧਤ ਸਹਾਇਕ ਪੁਲੀਸ ਕਮਿਸ਼ਨਰ ਦੀ ਅਗਵਾਈ ਹੇਠ ਪੁਲੀਸ ਸਟੇਸ਼ਨ ਤੋਂ ਈ ਆਰ ਵੀ ਅਤੇ ਪੁਲੀਸ ਫੋਰਸ ਨੇ ਬਾਜ਼ਾਰਾਂ, ਧਾਰਮਿਕ ਸਥਾਨਾਂ, ਭੀੜ-ਭੜੱਕੇ ਵਾਲੇ ਖੇਤਰਾਂ, ਮੁੱਖ ਸੜਕਾਂ ਅਤੇ ਸੰਵੇਦਨਸ਼ੀਲ ਸਥਾਨਾਂ ਦਾ ਨਿਰੀਖਣ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਪੈਦਲ ਮਾਰਚ ਰਾਹੀਂ ਪੁਲੀਸ ਨੇ ਨਾ ਸਿਰਫ਼ ਸੁਰੱਖਿਆ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਸਗੋਂ ਸਮਾਜ ਵਿਰੋਧੀ ਅਨਸਰਾਂ ਨੂੰ ਇਹ ਵੀ ਸਪੱਸ਼ਟ ਸੁਨੇਹਾ ਦਿੱਤਾ ਕਿ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਜਾਂ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮਾਰਚ ਦੌਰਾਨ ਪੁਲੀਸ ਅਧਿਕਾਰੀਆਂ ਨੇ ਵਪਾਰੀਆਂ, ਧਾਰਮਿਕ ਆਗੂਆਂ, ਸਮਾਜਿਕ ਸੰਗਠਨਾਂ ਅਤੇ ਸਥਾਨਕ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਆਪਸੀ ਭਾਈਚਾਰਾ, ਸਮਾਜਿਕ ਸਦਭਾਵਨਾ ਅਤੇ ਸ਼ਾਂਤੀ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਅਫ਼ਵਾਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਸੋਸ਼ਲ ਮੀਡੀਆ ’ਤੇ ਗੁਮਰਾਹਕੁਨ ਜਾਣਕਾਰੀ ਸਾਂਝੀ ਕਰਨ ਤੋਂ ਬਚਣ ਦੀ ਵੀ ਅਪੀਲ ਕੀਤੀ। ਇਸੇ ਤਰ੍ਹਾਂ ਅੱਜ ਅਤੇ ਭਲਕੇ ਸਬੰਧਤ ਸਹਾਇਕ ਪੁਲੀਸ ਕਮਿਸ਼ਨਰਾਂ ਦੀ ਅਗਵਾਈ ਹੇਠ ਪੁਲੀਸ ਸਟੇਸ਼ਨ ਖੇਤਰਾਂ ਵਿੱਚ ਸ਼ਾਮ 6 ਤੋਂ ਰਾਤ 9 ਵਜੇ ਤੱਕ ਪੈਦਲ ਮਾਰਚ ਕੱਢੇ ਜਾਣਗੇ।
ਈਦ ਅਲ-ਅਧਾ (ਬਕਰੀਦ) ਦੌਰਾਨ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਫ਼ਰੀਦਾਬਾਦ ਪੁਲੀਸ ਕਰੀਬ 1,000 ਪੁਲੀਸ ਕਰਮਚਾਰੀਆਂ ਨੂੰ ਵਿਸ਼ੇਸ਼ ਡਿਊਟੀ ’ਤੇ ਤਾਇਨਾਤ ਕਰੇਗੀ। ਸੰਵੇਦਨਸ਼ੀਲ ਥਾਵਾਂ ’ਤੇ ਵਾਧੂ ਪੁਲੀਸ ਫੋਰਸ ਤਾਇਨਾਤ ਕੀਤੀ ਜਾਵੇਗੀ। ਇਸ ਦੌਰਾਨ ਨਿਰੰਤਰ ਗਸ਼ਤ, ਤੇਜ਼ ਜਵਾਬੀ ਟੀਮਾਂ ਦੀ ਸਰਗਰਮੀ ਅਤੇ ਸੀ ਸੀ ਟੀ ਵੀ ਕੈਮਰਿਆਂ ਰਾਹੀਂ ਨਿਗਰਾਨੀ ਯਕੀਨੀ ਬਣਾਈ ਜਾਵੇਗੀ।

