Pitbull Dog Attack: ਪਿਟਬੁੱਲ ਦੇ ਹਮਲੇ ਕਾਰਨ ਛੇ ਮਹੀਨੇ ਦਾ ਬੱਚਾ ਗੰਭੀਰ ਜ਼ਖ਼ਮੀ
ਸੀਸੀਟੀਵੀ ਵਿਚ ਕੈਦ ਹੋਈ ਘਟਨਾ; ਵੀਡੀਓ ਵਾਇਰਲ
Pitbull Dog Attack: ਹਰਿਆਣਾ ਦੇ ਸੋਨੀਪਤ ਵਿੱਚ ਪਿਟਬੁੱਲ ਨਸਲ ਦੇ ਕੁੱਤੇ ਵੱਲੋਂ ਕੀਤੇ ਗਏ ਹਮਲੇ ਵਿੱਚ ਛੇ ਮਹੀਨੇ ਦਾ ਇੱਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਸੋਨੀਪਤ ਦੀ ਸਿੱਕਾ ਕਲੋਨੀ ਵਿੱਚ ਵਾਪਰੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਪਿਟਬੁੱਲ ਕੁੱਤਾ ਬੱਚੇ ਨੂੰ ਗੋਦੀ ਵਿੱਚ ਚੁੱਕੀ ਹੋਈ ਇੱਕ ਔਰਤ ਉੱਤੇ ਅਚਾਨਕ ਝਪਟ ਪੈਂਦਾ ਹੈ। ਔਰਤ ਕੁੱਤੇ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰਦੀ ਹੈ ਪਰ ਸੰਤੁਲਨ ਵਿਗੜਨ ਕਾਰਨ ਉਹ ਹੇਠਾਂ ਡਿੱਗ ਪੈਂਦੀ ਹੈ ਅਤੇ ਬੱਚਾ ਵੀ ਮੂੰਹ ਦੇ ਭਾਰ ਨੇੜੇ ਹੀ ਡਿੱਗ ਜਾਂਦਾ ਹੈ। ਇਸ ਦੌਰਾਨ ਔਰਤ ਤਾਂ ਖੜ੍ਹੀ ਹੋ ਗਈ ਪਰ ਇਹ ਖ਼ਤਰਨਾਕ ਕੁੱਤਾ ਬੱਚੇ ਦੁਆਲੇ ਹੋ ਗਿਆ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਸ-ਪਾਸ ਦੇ ਕਈ ਲੋਕ ਲਹੂ-ਲੁਹਾਣ ਬੱਚੇ ਨੂੰ ਕੁੱਤੇ ਕੋਲੋਂ ਛੁਡਾਉਣ ਲਈ ਭੱਜ ਕੇ ਆਉਂਦੇ ਹਨ। ਆਖਰਕਾਰ, ਇੱਕ ਵਿਅਕਤੀ ਵੱਲੋਂ ਡੰਡੇ ਨਾਲ ਕਈ ਵਾਰ ਜ਼ੋਰਦਾਰ ਵਾਰ ਕੀਤੇ ਜਾਣ ਤੋਂ ਬਾਅਦ ਜਾ ਕੇ ਕੁੱਤਾ ਬੱਚੇ ਨੂੰ ਛੱਡਦਾ ਹੈ।
ਬੱਚੇ ਦੀ ਦਾਦੀ ਨਿਰਮਲਾ ਦੇਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਇਹ ਹਮਲਾ ਹੋਇਆ ਤਾਂ ਬੱਚਾ ਆਪਣੀ ਚਾਚੀ ਦੀ ਗੋਦੀ ਵਿੱਚ ਸੀ ਅਤੇ ਅਚਾਨਕ ਗੁਆਂਢੀ ਦੇ ਪਾਲਤੂ ਪਿਟਬੁਲ ਕੁੱਤੇ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਪੋਤੇ ਦੇ ਚਿਹਰੇ ਅਤੇ ਪੇਟ ਸਮੇਤ ਸਰੀਰ ਦੇ ਕਈ ਹਿੱਸਿਆਂ ਉੱਤੇ ਕੁੱਤੇ ਦੇ ਵੱਢਣ ਅਤੇ ਨੋਚਣ ਦੇ ਬਹੁਤ ਡੂੰਘੇ ਨਿਸ਼ਾਨ ਆਏ ਹਨ ਅਤੇ ਫਿਲਹਾਲ ਉਸ ਦਾ ਇਲਾਜ ਰੋਹਤਕ ਦੇ ਪੀਜੀਆਈਐੱਮਐੱਸ (PGIMS) ਹਸਪਤਾਲ ਵਿੱਚ ਚੱਲ ਰਿਹਾ ਹੈ।
ਦੂਜੇ ਪਾਸੇ, ਸੋਨੀਪਤ ਦੇ ਸਬੰਧਤ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ ਹੈ ਕਿਉਂਕਿ ਪੁਲੀਸ ਨੂੰ ਪਰਿਵਾਰ ਵੱਲੋਂ ਅਜੇ ਤੱਕ ਕੋਈ ਵੀ ਲਿਖਤੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ।

