ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਜਨਤਾ ਇਕਜੁੱਟ ਹੋਵੇ: ਸੁਰਜੇਵਾਲਾ
ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਸੰਸਦ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਦੀ ਨੀਤੀਆਂ ਕਾਰਨ ਅਨਿਆਂ ਅਤੇ ਧੱਕਸ਼ਾਹੀ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸ ਖ਼ਿਲਾਫ਼ ਲੋਕਾਂ ਨੂੰ ਅੱਗੇ ਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਅਨਿਆਂ...
ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਸੰਸਦ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਦੀ ਨੀਤੀਆਂ ਕਾਰਨ ਅਨਿਆਂ ਅਤੇ ਧੱਕਸ਼ਾਹੀ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸ ਖ਼ਿਲਾਫ਼ ਲੋਕਾਂ ਨੂੰ ਅੱਗੇ ਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਅਨਿਆਂ ਦੇਖ ਕੇ ਲੋਕ ਮੂੰਹ ਫੇਰਦੇ ਰਹੇ ਤਾਂ ਸੱਤਾ ਦੇ ਸਵਾਰਥੀ ਲੋਕ ਲੁੱਟਣ ਦਾ ਇਹ ਸਿਲਸਿਲਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸੁਖਦੇਵ, ਚੰਦਰ ਸੇਖ਼ਰ ਆਜ਼ਾਦ ਅਤੇ ਜਵਾਹਰ ਲਾਲ ਨਹਿਰੂ ਆਦਿ ਮਹਾਨ ਸ਼ਖ਼ਸੀਅਤਾਂ ਸਦਕਾ ਹੀ ਦੇਸ਼ ਆਜ਼ਾਦ ਹੋਇਆ ਹੈ। ਇਹ ਸ਼ਖ਼ਸੀਅਤਾਂ ਸਿਰਫ਼ ਦੇਸ਼ ਹਿੱਤ ਵਿੱਚ ਆਵਾਜ਼ ਉਠਾਉਂਦੀਆਂ ਰਹੀਆਂ ਸਨ। ਇਸ ਲਈ ਲੋਕਾਂ ਨੂੰ ਇੰਤਜ਼ਾਰ ਨਾ ਕਰ ਕੇ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨਾ ਪਵੇਗਾ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਇੱਥੇ ਡੇਅਰੀ ਰੋਡ ’ਤੇ ਕਾਂਗਰਸ ਦੇ ਯੁਵਾ ਨੇਤਾ ਸੰਦੀਪ ਮੋਠਸਰੇ ਵੱਲੋਂ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸਾਬਕਾ ਵਿਧਾਇਕ ਦਇਆਨੰਦ ਸ਼ਰਮਾ, ਕੰਡੇਲਾ ਖਾਪ ਦੇ ਪ੍ਰਧਾਨ ਓਮ ਪ੍ਰਕਾਸ਼ ਕੰਡੇਲਾ, ਵਰਿੰਦਰ ਜਾਗਲਾਨ, ਸ੍ਰੀਚੰਦ ਜੈਨ, ਡਾ. ਰਾਜ ਕੁਮਾਰ ਗੋਇਲ, ਰਘੁਵੀਰ ਭਾਰਦਵਾਜ, ਕਮਲ ਚੌਹਾਨ ਤੇ ਪ੍ਰਵੀਨ ਢਿੱਲੋਂ ਆਦਿ ਹਾਜ਼ਰ ਰਹੇ।
ਸ੍ਰੀ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਸਰਕਾਰ ਵਿੱਚ ਕਿਸਾਨ, ਮਜ਼ਦੂਰ, ਵਪਾਰੀ ਤੇ ਨੌਜਵਾਨ ਵਰਗ ਬੁਰੀ ਤਰ੍ਹਾਂ ਨਿਰਾਸ਼ ਹਨ। ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਦੇਸ਼ ਦਾ ਭਵਿੱਖ ਚਮਕਾਉਣ ਵਾਲੇ ਖਿਡਾਰੀ ਰੁਲ ਰਹੇ ਹਨ। ਸਰਕਾਰ ਖਿਡਾਰੀਆਂ ਦੀਆਂ ਸਹੂਲਤਾਂ ’ਤੇ ਬਜਟ ਨਹੀਂ ਖਰਚ ਰਹੀ। ਕਿਸਾਨਾਂ ਦੀ ਫ਼ਸਲਾਂ ਘੱਟ ’ਤੇ ਖ਼ਰੀਦੀਆਂ ਜਾ ਰਹੀਆਂ ਹਨ। ਸੂਬੇ ਵਿੱਚ ਵਪਾਰੀਆਂ ਤੇ ਡਾਕਟਰ ਸਣੇ ਹੋਰ ਲੋਕਾਂ ਤੋਂ ਫ਼ਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਾਜਾਇਜ਼ ਖਣਨ ਜਾਰੀ ਹੈ। ਸ੍ਰੀ ਸੁਰਜੇਵਾਲਾ ਨੇ ਕਿਹਾ ਕਿ ਇਸ ਸਭ ਦੇ ਹੱਲ ਲਈ ਆਮ ਲੋਕਾਂ ਨੂੰ ਇਕਜੁੱਟ ਹੋਣਾ ਪਵੇਗਾ ਅਤੇ ਆਪਣੇ ਹੱਕਾਂ ਦੀ ਸੁਰੱਖਿਆ ਖ਼ੁਦ ਹੀ ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ 85 ਗੈਂਗ ਸਰਗਰਮ ਹਨ, ਇਹ ਗੱਲ ਕਈ ਸੂਬਿਆਂ ਦੇ ਡੀ ਜੀ ਪੀ ਦੀਆਂ ਬੈਠਕਾਂ ’ਚ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਜਦੋਂ ਐੱਸ ਆਈ ਆਰ ਹੋਵੇਗਾ ਤਂ ਜਨਤਾ ਅਤੇ ਕਾਂਗਰਸ ਦੋਵਾਂ ਦੀ ਬਰਾਬਰ ਜ਼ਿੰਮੇਵਾਰੀ ਹੋਵੇਗੀ ਕਿ ਵੋਟ ਚੋਰੀ ਹੋਣ ਤੋਂ ਰੋਕੀ ਜਾਵੇ।

