ਪੰਜੋਖਰਾ ਸਾਹਿਬ ਮਾਮਲਾ: ਸੁਰਮੁਖ ਸਿੰਘ ਨੂੰ ਅਦਾਲਤ ਵੱਲੋਂ ਜ਼ਮਾਨਤ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਸਾਨ ਯੂਨੀਅਨਾਂ ਅਤੇ ਸਿੱਖ ਜਥੇਬੰਦੀਆਂ ਦੇ ਯਤਨਾਂ ਸਦਕਾ ਮਿਲੀ ਰਾਹਤ; ਸੰਗਤ ਵਿੱਚ ਖੁਸ਼ੀ ਦਾ ਮਾਹੌਲ
ਪੰਜੋਖਰਾ ਸਾਹਿਬ ਮਾਮਲੇ ਨਾਲ ਸਬੰਧਤ ਕੇਸ ਵਿੱਚ ਗ੍ਰਿਫ਼ਤਾਰ ਪਿੰਡ ਰਾਮਖੇੜੀ, ਜ਼ਿਲ੍ਹਾ ਯਮੁਨਾਨਗਰ ਵਾਸੀ ਸੁਰਮੁਖ ਸਿੰਘ ਨੂੰ ਮਾਣਯੋਗ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਸੁਰਮੁਖ ਸਿੰਘ ਨੂੰ 13 ਅਗਸਤ ਨੂੰ ਜੱਗੀ ਸਿਟੀ ਸੈਂਟਰ ਤੋਂ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਖ਼ਿਲਾਫ਼ ਪੁਲੀਸ ਅਧਿਕਾਰੀਆਂ ’ਤੇ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਪੰਜੋਖਰਾ ਸਾਹਿਬ ਮਾਮਲੇ ਵਿੱਚ ਗ੍ਰਿਫ਼ਤਾਰ ਦੋ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੰਗਤ ਵੱਡੀ ਗਿਣਤੀ ਵਿੱਚ ਜੱਗੀ ਸਿਟੀ ਸੈਂਟਰ ਵਿਖੇ ਇਕੱਠੀ ਹੋਈ ਸੀ। ਇਸ ਦੌਰਾਨ ਕੌਮੀ ਮੁੱਖ ਮਾਰਗ ਵੀ ਜਾਮ ਕੀਤਾ ਗਿਆ। ਸ਼ਾਮ ਸਮੇਂ ਸੰਗਤ ਅਤੇ ਪੁਲੀਸ ਪ੍ਰਸ਼ਾਸਨ ਵਿਚਕਾਰ ਤਣਾਅ ਪੈਦਾ ਹੋ ਗਿਆ ਸੀ, ਜਿਸ ਵਿੱਚ ਦੋਵਾਂ ਪੱਖਾਂ ਦੇ ਕਈ ਲੋਕ ਜ਼ਖ਼ਮੀ ਹੋਏ ਸਨ।
ਸੁਰਮੁਖ ਸਿੰਘ ਨੂੰ ਜ਼ਮਾਨਤ ਮਿਲਣ ’ਤੇ ਸੰਗਤ ਵਿੱਚ ਖੁਸ਼ੀ ਦਾ ਮਾਹੌਲ ਹੈ। ਅੰਬਾਲਾ ਦੀ ਸੰਗਤ ਨੇ ਕਾਨੂੰਨੀ ਯਤਨਾਂ ਵਿੱਚ ਸਹਿਯੋਗ ਦੇਣ ਵਾਲੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਕਿਸਾਨ ਯੂਨੀਅਨਾਂ, ਸਿੱਖ ਜਥੇਬੰਦੀਆਂ ਅਤੇ ਹੋਰ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ।
ਸੰਗਤ ਨੇ ਉਮੀਦ ਜਤਾਈ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਕੀਤੇ ਭਰੋਸੇ ਅਨੁਸਾਰ ਪੰਜੋਖਰਾ ਸਾਹਿਬ ਪ੍ਰਕਰਣ ਨਾਲ ਸਬੰਧਤ ਹੋਰ ਮਾਮਲਿਆਂ ਦਾ ਵੀ ਕਾਨੂੰਨ ਅਨੁਸਾਰ ਜਲਦ ਨਿਪਟਾਰਾ ਕੀਤਾ ਜਾਵੇਗਾ।

