ਪੰਚਕੂਲਾ ਸੈਕਟਰ-26 ਹਾਦਸਾ: ਬੱਸ ਡਰਾਈਵਰ ਦੀ ਸੂਝਬੂਝ ਨਾਲ ਟਲਿਆ ਵੱਡਾ ਜਾਨੀ ਨੁਕਸਾਨ, ਦੋਵਾਂ ਧਿਰਾਂ ਵਿਚਾਲੇ ਹੋਇਆ ਸਮਝੌਤਾ
ਪੰਚਕੂਲਾ ’ਚ Chitkara International School ਦੀ ਬੱਸ ਨੇ 6 ਕਾਰਾਂ ਨੂੰ ਮਾਰੀ ਟੱਕਰ
ਪੰਚਕੂਲਾ ਦੇ ਸੈਕਟਰ-26 ਵਿੱਚ ਵਾਪਰੇ ਸੜਕ ਹਾਦਸੇ ਦੇ ਮਾਮਲੇ ਵਿੱਚ ਇੱਕ ਨਵਾਂ ਅੱਪਡੇਟ ਸਾਹਮਣੇ ਆਇਆ ਹੈ। ਪੁਲੀਸ ਮੁਤਾਬਕ ਇਹ ਹਾਦਸਾ ਇੱਕ ਤੇਜ਼ ਰਫ਼ਤਾਰ ਗੱਡੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ, ਜਿਸ ਵਿੱਚ ਬੱਸ ਡਰਾਈਵਰ ਦੀ ਮੁਸਤੈਦੀ ਸਦਕਾ ਇੱਕ ਵੱਡੀ ਤ੍ਰਾਸਦੀ ਹੋਣੋਂ ਬਚ ਗਈ। ਚੰਡੀਮੰਦਰ ਥਾਣੇ ਦੇ ਐੱਸ.ਐੱਚ.ਓ. (SHO) ਰਾਮਪਾਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੁਣ ਇਸ ਮਾਮਲੇ ਨੂੰ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਸੁਲਝਾ ਲਿਆ ਗਿਆ ਹੈ।
ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਹਾਦਸਾ ਸੜਕ ’ਤੇ ਬਣੇ ਇੱਕ ਟੀ-ਪੁਆਇੰਟ (T-Point) ਦੇ ਨੇੜੇ ਵਾਪਰਿਆ। ਐੱਸ.ਐੱਚ.ਓ. ਰਾਮਪਾਲ ਨੇ ਦੱਸਿਆ, “ਸੜਕ 'ਤੇ ਜਾ ਰਹੀ ਇੱਕ ਗੱਡੀ ਨੇ ਅਚਾਨਕ ਬਿਨਾਂ ਕੋਈ ਇਸ਼ਾਰਾ ਕੀਤੇ ਟੀ-ਪੁਆਇੰਟ ਵੱਲ ਮੋੜ ਕੱਟ ਲਿਆ ਸੀ। ਉਸ ਗੱਡੀ ਨੂੰ ਸਿੱਧੀ ਟੱਕਰ ਤੋਂ ਬਚਾਉਣ ਦੇ ਚੱਕਰ ਵਿੱਚ ਬੱਸ ਡਰਾਈਵਰ ਨੇ ਬੜੀ ਤੇਜ਼ੀ ਨਾਲ ਸਟੀਅਰਿੰਗ ਘੁਮਾਇਆ, ਜਿਸ ਕਾਰਨ ਉਹ ਬੱਸ ਤੋਂ ਆਪਣਾ ਕੰਟਰੋਲ ਖੋਹ ਬੈਠਾ ਅਤੇ ਬੱਸ ਹਾਦਸਾਗ੍ਰਸਤ ਹੋ ਗਈ।”
ਦੱਸ ਦਈਏ ਕਿ ਇਹ ਬੱਸ ਚਿਤਕਾਰਾ ਇੰਟਰਨੈਸ਼ਨਲ ਸਕੂਲ ਦੀ ਸੀ। ਇਸ ਹਾਦਸੇ ਦੌਰਾਨ ਬੱਸ ਵਿੱਚ ਸਵਾਰ ਕਰੀਬ 20 ਸਕੂਲੀ ਬੱਚੇ ਵਾਲ-ਵਾਲ ਬਚ ਗਏ, ਜਿਸ ਕਾਰਨ ਇੱਕ ਵੱਡੀ ਅਣਹੋਣੀ ਹੋਣੋਂ ਰਹਿ ਗਈ।
ਸਥਾਨਕ ਲੋਕਾਂ ਨੇ ਬੱਚਿਆਂ ਨੂੰ ਬੱਸ 'ਚੋਂ ਕੱਢਿਆ
ਇਸ ਤੋਂ ਪਹਿਲਾਂ ਹਾਦਸਾ ਹੁੰਦੇ ਹੀ ਆਸ-ਪਾਸ ਦੇ ਇਲਾਕਾ ਨਿਵਾਸੀ ਤੁਰੰਤ ਮੌਕੇ 'ਤੇ ਇਕੱਠੇ ਹੋ ਗਏ। ਉਨ੍ਹਾਂ ਨੇ ਬਿਨਾਂ ਸਮਾਂ ਗਵਾਏ ਬੱਸ ਵਿੱਚ ਸਵਾਰ ਡਰੇ ਹੋਏ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸੰਭਾਲਿਆ। ਇਸ ਦੌਰਾਨ ਉੱਥੋਂ ਲੰਘ ਰਹੇ ਰਾਹਗੀਰਾਂ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲੀਸ ਦੀਆਂ ਐਮਰਜੈਂਸੀ ਰਿਸਪਾਂਸ ਵਹੀਕਲ (ERV) ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
