Paddy procurement: ਝੋਨੇ ਦੀ ਖ਼ਰੀਦ ਦੇ ਭਰੋਸੇ ਮਗਰੋਂ ਕਿਸਾਨਾਂ ਦਾ ਸੰਘਰਸ਼ ਸਮਾਪਤ
ਭਲਕੇ ਸ਼ੁਰੂ ਹੋਵੇਗੀ ਸਰਕਾਰੀ ਖ਼ਰੀਦ; ਅਧਿਕਾਰੀਆਂ ਨੇ ਧਰਨੇ ’ਚ ਐਲਾਨ ਕੀਤਾ
ਝੋਨੇ ਦੀ ਸਰਕਾਰੀ ਖ਼ਰੀਦ 25 ਸਤੰਬਰ ਤੋਂ ਸ਼ੁਰੂ ਹੋਣ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਅੱਜ ਆਪਣਾ ਸੰਘਰਸ਼ ਸਮਾਪਤ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ’ਤੇ ਜੀ ਟੀ ਰੋਡ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਤਹਿਤ ਵੱਡੀ ਗਿਣਤੀ ਵਿੱਚ ਕਿਸਾਨ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਇਕੱਠੇ ਹੋਏ। ਪੁਲੀਸ ਵੱਲੋਂ ਉਨ੍ਹਾਂ ਨੂੰ ਰੋਕਣ ਲਈ ਲਾਠੀਚਾਰਜ ਕੀਤਾ ਗਿਆ ਸੀ। ਇਸ ਦੌਰਾਨ ਪੁਲੀਸ ਪ੍ਰਬੰਧਾਂ ਦੇ ਚੱਲਦਿਆਂ ਕਿਸਾਨ ਜੀ ਟੀ ਰੋਡ ਜਾਮ ਕਰਨ ਵਿੱਚ ਅਸਫ਼ਲ ਰਹੇ ਅਤੇ ਉਹ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਸਣੇ ਵੱਡੀ ਗਿਣਤੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਹੀ ਧਰਨੇ ’ਤੇ ਬੈਠ ਗਏ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਝੋਨੇ ਦੀ ਖ਼ਰੀਦ ਦੀ ਮੰਗ ਪੂਰੀ ਨਹੀਂ ਹੋ ਜਾਂਦੀ, ਉਹ ਸ਼ਾਂਤੀਪੂਰਵਕ ਧਰਨੇ ’ਤੇ ਬੈਠੇ ਰਹਿਣਗੇ। ਅੱਜ ਸ਼ਾਮ 4 ਵਜੇ ਪ੍ਰਸ਼ਾਸਨ ਅਤੇ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਸਥਾਨਕ ਆਰਾਮ ਘਰ ਵਿੱਚ ਗੱਲਬਾਤ ਕੀਤੀ, ਜਿਸ ਦੌਰਾਨ ਖ਼ਰੀਦ ਨੂੰ ਲੈ ਕੇ ਸਹਿਮਤੀ ਬਣ ਗਈ। ਅਧਿਕਾਰੀਆਂ ਨੇ ਖ਼ੁਦ ਧਰਨੇ ਵਾਲੀ ਥਾਂ ’ਤੇ ਆ ਕੇ ਇਹ ਐਲਾਨ ਕੀਤਾ ਕਿ ਉਨ੍ਹਾਂ ਦੀ ਫ਼ਸਲ ਕੱਲ੍ਹ ਤੋਂ ਹੀ ਖ਼ਰੀਦੀ ਜਾਵੇਗੀ। ਕਿਸੇ ਤਕਨੀਕੀ ਖ਼ਰਾਬੀ ਕਾਰਨ ਗੇਟ ਪਾਸ ਨਹੀਂ ਕੱਟੇ ਜਾਣਗੇ, ਇਸ ਲਈ 25 ਸਤੰਬਰ ਨੂੰ ਗੇਟ ਪਾਸ ਕੱਟੇ ਜਾਣਗੇ ਜਿਸ ਕਿਸਾਨ ਦੀ ਜੀਰੀ ਦੀ ਫ਼ਸਲ ਮੰਡੀ ਆਈ ਹੈ, ਉਸ ਦੀ ਢੇਰੀ ਕੋਲ ਹੀ ਉਸ ਦੀ ਬਾਇਓਮੈਟ੍ਰਿਕ ਫ਼ੋਟੋ ਹੋ ਜਾਵੇਗੀ। ਇਸ ਲਈ ਕਿਸਾਨ ਨੂੰ ਮੁੜ ਬਾਇਓਮੈਟ੍ਰਿਕ ਨਹੀਂ ਕਰਵਾਉਣੀ ਪਵੇਗੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਕਿ ਜਿਹੜਾ ਕਿਸਾਨ ਕੱਲ੍ਹ ਆਪਣੀ ਫ਼ਸਲ ਮੰਡੀ ਲਿਆਵੇਗਾ, ਉਸ ਦਾ ਤੋਲ ਤਾਂ ਕਰ ਲਿਆ ਜਾਵੇਗਾ ਪਰ ਗੇਟ ਪਾਸ ਨਹੀਂ ਕੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਫ਼ਸਲ ਜਲਦੀ ਆ ਜਾਂਦੀ ਹੈ, ਇਸ ਲਈ ਉਹ ਭਾਰਤ ਸਰਕਾਰ ਨੂੰ ਲਿਖਣਗੇ ਕਿ ਅਗਲੇ ਸਾਲ ਤੋਂ ਜੀਰੀ ਦੀ ਖ਼ਰੀਦ 15 ਸਤੰਬਰ ਤੋਂ ਹੀ ਸ਼ੁਰੂ ਕੀਤੀ ਜਾਵੇ। ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਇਸੇ ਤਰ੍ਹਾਂ ਬਾਜਰੇ ਦੀ ਖ਼ਰੀਦ ਵੀ ਜਲਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ।

