ਹਰਿਆਣਾ ਪੁਲੀਸ ਨੇ ਇੱਕ ਓਵਰਲੋਡਿਡ ਟਿੱਪਰ ਜਾਇਜ਼ ਦਸਤਾਵੇਜ਼ ਨਾ ਹੋਣ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਜ਼ਬਤ (ਇੰਪਾਊਂਡ) ਕਰ ਲਿਆ ਹੈ। ਇਸ ਦੇ ਨਾਲ ਹੀ ਟਿੱਪਰ ਉੱਤੇ 1.24 ਲੱਖ ਰੁਪਏ ਦਾ ਭਾਰੀ ਜੁਰਮਾਨਾ ਵੀ ਲਗਾਇਆ ਗਿਆ ਹੈ।
ਜਾਣਕਾਰੀ ਮੁਤਾਬਕ 7 ਜੁਲਾਈ ਨੂੰ, ਡੀ ਸੀ ਪੀ (ਕਰਾਈਮ ਅਤੇ ਟਰੈਫਿਕ) ਅਮਰਿੰਦਰ ਸਿੰਘ ਆਪਣੀ ਸਰਕਾਰੀ ਗੱਡੀ ਵਿੱਚ ਮਨਸਾ ਦੇਵੀ ਕੰਪਲੈਕਸ ਇਲਾਕੇ ਵਿੱਚੋਂ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇੱਕ ਓਵਰਲੋਡਿਡ ਟਿੱਪਰ ਦੇਖਿਆ। ਟਰੈਫਿਕ ਨਿਯਮਾਂ ਦੀ ਉਲੰਘਣਾ ਦਾ ਸ਼ੱਕ ਹੋਣ 'ਤੇ, ਉਨ੍ਹਾਂ ਨੇ ਤੁਰੰਤ ਟਰੈਫਿਕ ਪੁਲੀਸ ਦੀ ਟੀਮ ਨੂੰ ਮੌਕੇ 'ਤੇ ਬੁਲਾਇਆ ਅਤੇ ਜਾਂਚ ਲਈ ਵਾਹਨ ਨੂੰ ਰੁਕਵਾਇਆ। ਜਾਂਚ ਦੌਰਾਨ ਡਰਾਈਵਰ ਲੋੜੀਂਦੇ ਜਾਇਜ਼ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫਲ ਰਿਹਾ ਅਤੇ ਟਰੈਫਿਕ ਨਿਯਮਾਂ ਦੀਆਂ ਕਈ ਉਲੰਘਣਾਵਾਂ ਪਾਈਆਂ ਗਈਆਂ। ਟਰੈਫਿਕ ਪੁਲੀਸ ਨੇ ਮੌਕੇ 'ਤੇ ਹੀ 32,000 ਰੁਪਏ ਦਾ ਚਲਾਨ ਕੱਟ ਦਿੱਤਾ
ਸ਼ੁਰੂਆਤੀ ਕਾਰਵਾਈ ਤੋਂ ਬਾਅਦ ਇਹ ਮਾਮਲਾ ਰੀਜਨਲ ਟਰਾਂਸਪੋਰਟ ਆਫਿਸ (RTO) ਨੂੰ ਵੀ ਰਿਪੋਰਟ ਕੀਤਾ ਗਿਆ। ਆਰ ਟੀ ਓ (RTO) ਟੀਮ ਨੇ ਵਾਹਨ ਦੀ ਜਾਂਚ ਕੀਤੀ ਅਤੇ ਟਰਾਂਸਪੋਰਟ ਨਿਯਮਾਂ ਤਹਿਤ ਵੱਖ-ਵੱਖ ਉਲੰਘਣਾਵਾਂ ਲਈ 92,000 ਰੁਪਏ ਦਾ ਵਾਧੂ ਚਲਾਨ ਲਗਾਇਆ।
ਓਵਰਲੋਡਿਡ ਟਿੱਪਰ ਦਾ ਕੁੱਲ 1.24 ਲੱਖ ਰੁਪਏ ਦਾ ਚਲਾਨ ਕੀਤਾ ਗਿਆ ਅਤੇ ਉਸ ਨੂੰ ਜ਼ਬਤ (ਇੰਪਾਊਂਡ) ਕਰ ਲਿਆ ਗਿਆ। ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਓਵਰਲੋਡਿਡ ਵਾਹਨ ਸੜਕ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰਦੇ ਹਨ ਅਤੇ ਸੜਕਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਪੁਲੀਸ ਨੇ ਵਾਹਨ ਮਾਲਕਾਂ ਅਤੇ ਡਰਾਈਵਰਾਂ ਨੂੰ ਸੁਰੱਖਿਅਤ ਤੇ ਸੁਚਾਰੂ ਟਰੈਫਿਕ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਜਾਇਜ਼ ਦਸਤਾਵੇਜ਼ ਨਾਲ ਰੱਖਣ, ਆਪਣੇ ਵਾਹਨਾਂ ਨੂੰ ਓਵਰਲੋਡ ਕਰਨ ਤੋਂ ਬਚਣ ਅਤੇ ਟਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਹੈ।
