ਅਪਰੇਸ਼ਨ ਸਿੰਧੂਰ: ਪਹਿਲਾ ਸਰਬ ਪਾਰਟੀ ਵਫ਼ਦ ਅੱਜ ਜਾਵੇਗਾ ਯੂਏਈ
ਅਜੈ ਬੈਨਰਜੀ
ਨਵੀਂ ਦਿੱਲੀ, 20 ਮਈ
ਅਪਰੇਸ਼ਨ ਸਿੰਧੂਰ ਮਗਰੋਂ ਆਲਮੀ ਮੰਚ ’ਤੇ ਭਾਰਤ ਦਾ ਪੱਖ ਰੱਖਣ ਲਈ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰਨ ਵਾਲੇ ਸੱਤ ਸਰਬ ਪਾਰਟੀ ਵਫ਼ਦਾਂ ਵਿੱਚੋਂ ਪਹਿਲਾ ਵਫ਼ਦ ਭਲਕੇ ਬੁੱਧਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਜਾਵੇਗਾ। ਇਸ ਵਫ਼ਦ ਦੀ ਅਗਵਾਈ ਸ਼ਿਵ ਸੈਨਾ ਦੇ ਸੰਸਦ ਮੈਂਬਰ ਸ੍ਰੀਕਾਂਤ ਏਕਨਾਥ ਸ਼ਿੰਦੇ ਕਰਨਗੇ। ਇਹ ਵਫ਼ਦ ਕਾਂਗੋ, ਸੀਅਰਾ ਲਿਓਨ ਅਤੇ ਲਾਇਬੇਰੀਆ ਵੀ ਜਾਵੇਗਾ।
ਅਗਲੇ ਚਾਰ ਦਿਨਾਂ ਤੱਕ ਬਾਕੀ ਛੇ ਵਫ਼ਦ ਵੱਖ-ਵੱਖ ਦੇਸ਼ਾਂ ਦੇ ਦੌਰੇ ’ਤੇ ਜਾਣਗੇ ਅਤੇ ਉਥੇ ਮੌਜੂਦ ਲੋਕਾਂ, ਨੀਤੀ ਘਾੜਿਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਸੰਬੋਧਨ ਕਰਨਗੇ। ਹਰੇਕ ਵਫ਼ਦ ਦੀ ਅਗਵਾਈ ਸਿਆਸਤਦਾਨ ਕਰਨਗੇ ਅਤੇ ਇਸ ਵਿੱਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ, ਅਹਿਮ ਸਿਆਸੀ ਹਸਤੀਆਂ ਅਤੇ ਡਿਪਲੋਮੈਟ ਸ਼ਾਮਲ ਹੋਣਗੇ। ਇਹ ਵਫ਼ਦ ਹਰ ਤਰ੍ਹਾਂ ਦੇ ਅਤਿਵਾਦ ਅਤੇ ਅਤਿਵਾਦੀ ਗਤੀਵਿਧੀਆਂ ਖ਼ਿਲਾਫ਼ ਭਾਰਤ ਦੇ ਰੁਖ਼ ਨੂੰ ਪੇਸ਼ ਕਰਨਗੇ ਅਤੇ ਸੰਸਾਰ ਨੂੰ ਜ਼ੀਰੋ ਟਾਲਰੈਂਸ ਦਾ ਮਜ਼ਬੂਤ ਸੰਦੇਸ਼ ਦੇਣਗੇ। ਐਤਵਾਰ (25 ਮਈ) ਨੂੰ ਦੋ ਵਫ਼ਦ ਜਾਣਗੇ। ਇੱਕ ਵਫ਼ਦ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਹੇਠ ਅਮਰੀਕਾ, ਬ੍ਰਾਜ਼ੀਲ, ਕੋਲੰਬੀਆ, ਗੁਆਨਾ ਅਤੇ ਪਨਾਮਾ, ਜਦੋਂਕਿ ਦੂਜਾ ਵਫ਼ਦ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਹੇਠ ਫਰਾਂਸ, ਇਟਲੀ, ਡੈੱਨਮਾਰਕ, ਬਰਤਾਨੀਆ, ਬੈਲਜੀਅਮ ਅਤੇ ਜਰਮਨੀ ਲਈ ਰਵਾਨਾ ਹੋਵੇਗਾ। ਜਨਤਾ ਦਲ (ਯੂਨਾਈਟਿਡ) ਦੇ ਸੰਜੈ ਕੁਮਾਰ ਝਾਅ ਦੀ ਅਗਵਾਈ ਵਾਲਾ ਵਫ਼ਦ 22 ਮਈ ਨੂੰ ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ, ਇੰਡੋਨੇਸ਼ੀਆ ਅਤੇ ਮਲੇਸ਼ੀਆ ਜਾਵੇਗਾ। ਇਸੇ ਦਿਨ ਡੀਐੱਮਕੇ ਦੀ ਕਨੀਮੋਝੀ ਕਰੁਨਿਧੀ ਦੀ ਅਗਵਾਈ ਹੇਠ ਇੱਕ ਹੋਰ ਵਫ਼ਦ ਰੂਸ, ਸਲੋਵੇਨੀਆ, ਯੂਨਾਨ, ਲਾਤਵੀਆ ਅਤੇ ਸਪੇਨ ਲਈ ਰਵਾਨਾ ਹੋਵੇਗਾ। ਭਾਜਪਾ ਦੇ ਬੈਜਯੰਤ ਪਾਂਡਾ 23 ਮਈ ਨੂੰ ਬਹਿਰੀਨ, ਕੁਵੈਤ, ਸਾਊਦੀ ਅਰਬ ਅਤੇ ਅਲਜੀਰੀਆ ਦੌਰੇ ’ਤੇ ਜਾਣਗੇ, ਜਦਕਿ ਐੱਨਸੀਪੀ ਆਗੂ ਸੁਪ੍ਰਿਯਾ ਸੂਲੇ 24 ਮਈ ਨੂੰ ਆਪਣੀ ਟੀਮ ਨਾਲ ਕਤਰ, ਦੱਖਣੀ ਅਫਰੀਕਾ, ਇਥੋਪੀਆ ਅਤੇ ਮਿਸਰ ਜਾਵੇਗੀ।
ਟੀਐੱਮਸੀ ਵਫ਼ਦ ਦੀ ਨੁਮਾਇੰਦਗੀ ਕਰਨਗੇ ਅਭਿਸ਼ੇਕ ਬੈਨਰਜੀ
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਅਭਿਸ਼ੇਕ ਬੈਨਰਜੀ ‘ਅਪਰੇਸ਼ਨ ਸਿੰਧੂ’ ਮਗਰੋਂ ਆਲਮੀ ਮੰਚ ’ਤੇ ਭਾਰਤ ਦਾ ਪੱਖ ਰੱਖਣ ਲਈ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰਨ ਵਾਲੇ ਸਰਬ ਪਾਰਟੀ ਵਫ਼ਦ ਵਿੱਚ ਪਾਰਟੀ ਵੱਲੋਂ ਸ਼ਾਮਲ ਹੋਣਗੇ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਵੱਲੋਂ ਟੀਐੱਮਸੀ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਫੋਨ ਕੀਤੇ ਜਾਣ ਮਗਰੋਂ ਲਿਆ ਗਿਆ ਹੈ। ਉਧਰ, ਕੇਂਦਰੀ ਮੰਤਰੀ ਕਿਰਨ ਰਿਜਿਜੂ ਵੱਲੋਂ ਊਧਵ ਠਾਕਰੇ ਨੂੰ ਫੋਨ ਕੀਤੇ ਜਾਣ ਮਗਰੋਂ ਸ਼ਿਵ ਸੈਨਾ (ਯੂਬੀਟੀ) ਨੇ ਕਿਹਾ ਕਿ ਪਾਰਟੀ ‘ਕੌਮੀ ਹਿੱਤ’ ਲਈ ਅਤਿਵਾਦ ’ਤੇ ਭਾਰਤ ਦੀ ਆਲਮੀ ਪਹੁੰਚ ਦਾ ਸਮਰਥਨ ਕਰੇਗੀ। ਸ਼ਿਵ ਸੈਨਾ ਨੇ ਕੁੱਝ ਦਿਨ ਪਹਿਲਾਂ ਸਰਬ ਪਾਰਟੀ ਵਫ਼ਦਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ। -ਪੀਟੀਆਈ