ਲਾਂਘੇ ਦੀ ਮੰਗ ਕਰ ਰਹੇ ਕਿਸਾਨਾਂ ਕੋਲ ਪੁੱਜੇ ਅਧਿਕਾਰੀ
ਕਿਸਾਨਾਂ ਤੋਂ ਚਾਰ ਦਿਨਾਂ ਦਾ ਸਮਾਂ ਮੰਗਿਆ; ਦੋ ਮਹੀਨਿਆਂ ਤੋਂ ਜਾਰੀ ਹੈ ਧਰਨਾ
ਜ਼ਿਲ੍ਹਾ ਪ੍ਰਸ਼ਾਸਨ ਨੇ ਨੈਸ਼ਨਲ ਹਾਈਵੇਅ ’ਤੇ ਲਾਂਘੇ ਦੀ ਮੰਗ ਕਰ ਰਹੇ ਕਿਸਾਨਾਂ ਨੂੰ ਚਾਰ ਦਿਨਾਂ ਦਾ ਸਮਾਂ ਦੇਣ ਲਈ ਕਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿਸਾਨ ਚਾਰ ਦਿਨਾਂ ਦੀ ਥਾਂ ’ਤੇ ਇੱਕ ਹਫ਼ਤਾ ਦੇਣ ਲਈ ਤਿਆਰ ਹਨ, ਇਸ ਤੋਂ ਬਾਅਦ ਉਹ ਖ਼ੁਦ ਸੜਕ ਖੋਲ੍ਹ ਦੇਣਗੇ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਕੌਮੀ ਸ਼ਾਹਰਾਹ ਅਥਾਰਟੀ ਦੇ ਅਧਿਕਾਰੀਆਂ ਅਤੇ ਰਾਦੌਰ ਦੇ ਐੱਸ ਡੀ ਐੱਮ ਨਰਿੰਦਰ ਕੁਮਾਰ ਸਣੇ ਅੰਬਾਲਾ-ਸ਼ਾਮਲੀ ਰਾਜਮਾਰਗ ’ਤੇ ਅੰਡਰਪਾਸ ਦੀ ਮੰਗ ਲਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪਿੰਡ ਪੋਟਲੀ ਪੁੱਜੇ। ਡੀ ਸੀ ਨੇ ਪਿੰਡ ਪੋਟਲੀ ਵਿੱਚ ਦੋਵਾਂ ਸੜਕਾਂ ਦਾ ਨਿਰੀਖਣ ਕੀਤਾ। ਉਨ੍ਹਾਂ ਐੱਸ ਡੀ ਐੱਮ ਅਤੇ ਐੱਨ ਐੱਚ ਏ ਆਈ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਸ ਮੁੱਦੇ ’ਤੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਢੁੱਕਵਾਂ ਤਰੀਕਾ ਲੱਭ ਕੇ ਫ਼ੈਸਲੇ ਲਏ ਜਾਣਗੇ। ਉਨ੍ਹਾਂ ਕਿਸਾਨਾਂ ਤੋਂ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸੜਕ ਨਾ ਸਿਰਫ਼ ਆਵਾਜਾਈ ਨੂੰ ਆਸਾਨ ਅਤੇ ਤੇਜ਼ ਬਣਾਏਗੀ ਸਗੋਂ ਆਲੇ-ਦੁਆਲੇ ਦੇ ਇਲਾਕਿਆਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਖੋਲ੍ਹੇਗੀ।
ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਪੋਟਲੀ ਵਿੱਚ ਹਾਈਵੇਅ ਤੋਂ ਆਪਣੇ ਖੇਤਾਂ ਤੱਕ ਸੜਕ ਦੀ ਮੰਗ ਲਈ ਦੋ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂ ਰਤਨਮਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਗੱਲਬਾਤ ਰਾਹੀਂ ਤਿੰਨ ਤੋਂ ਚਾਰ ਦਿਨਾਂ ਵਿੱਚ ਮਸਲਾ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਡਿਪਟੀ ਕਮਿਸ਼ਨਰ ਦੀ ਸਲਾਹ ਮੰਨਦੇ ਹੋਏ ਚਾਰ ਦਿਨਾਂ ਦੀ ਬਜਾਇ ਇੱਕ ਹਫ਼ਤੇ ਦਾ ਸਮਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਰਸਤਾ ਨਹੀਂ ਦਿੱਤਾ ਜਾਂਦਾ ਤਾਂ ਯੂਨੀਅਨ ਦੇ ਵਰਕਰ ਅਤੇ ਕਿਸਾਨ ਇਕੱਠੇ ਹੋ ਕੇ ਆਪਣੀ ਸੜਕ ਸਥਾਪਤ ਕਰਨ ਲਈ ਕੰਮ ਕਰਨਗੇ।
ਇਸ ਮੌਕੇ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁੱਜਰ, ਬਲਾਕ ਪ੍ਰਧਾਨ ਅਸ਼ੋਕ ਡਾਂਗੀ, ਸੁਭਾਸ਼, ਅਰਵਿੰਦ ਕੰਬੋਜ, ਸਾਹਿਲ ਸੇਤੀਆ, ਯਾਦਵਿੰਦਰ ਕੰਬੋਜ, ਦੀਪ ਰਾਣਾ, ਰਵਿੰਦਰ ਪਾਲ, ਰਮੇਸ਼ ਢਿੱਲੋਂ, ਨਿਰੰਜਨ ਸਿੰਘ, ਧਰਮਬੀਰ ਕੰਬੋਜ, ਮਹਿੰਦਰੂ ਸਣੇ ਐੱਸ ਡੀ ਓ ਰਾਦੌਰ ਨਰਿੰਦਰ ਕੁਮਾਰ, ਐੱਸ ਡੀ ਓ ਵਿਕਰਮ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।

