Nuh Police Encounter: 3,000 ਰੁਪਏ ਦੇ ਇਨਾਮੀ ਸਮੇਤ ਦੋ ਮੁਲਜ਼ਮ ਗੋਲੀ ਲੱਗਣ ਨਾਲ ਜ਼ਖ਼ਮੀ
ਮੁਲਜ਼ਮਾਂ ਕੋਲੋਂ 3 ਗਊਆਂ, ਦੋ ਦੇਸੀ ਪਿਸਤੌਲ ਤੇ ਅਸਲਾ ਬਰਾਮਦ; ਹਨੇਰੇ ਦਾ ਫ਼ਾਇਦਾ ਚੁੱਕ ਕੇ 2 ਸਾਥੀ ਫ਼ਰਾਰ
ਇੱਥੇ ਸਵੇਰੇ ਫਿਰੋਜ਼ਪੁਰ ਝਿਰਕਾ ਦੀ ਕਰਾਈਮ ਸਟਾਫ਼ (CS) ਟੀਮ ਅਤੇ ਗਊ ਤਸਕਰਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਦੋ ਸ਼ੱਕੀ ਗਊ ਤਸਕਰ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ’ਤੇ ਰਾਜਸਥਾਨ ਪੁਲੀਸ ਵੱਲੋਂ 3,000 ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਪੁਲੀਸ ਅਨੁਸਾਰ ਇਨ੍ਹਾਂ ਦੇ ਦੋ ਹੋਰ ਸਾਥੀ ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਮੌਕੇ ਤੋਂ ਭੱਜਣ ਵਿੱਚ ਸਫ਼ਲ ਹੋ ਗਏ।
ਇਹ ਐਨਕਾਊਂਟਰ ਤੜਕੇ ਲਗਭਗ 3:30 ਵਜੇ ਸਦਰ ਨੂਹ ਥਾਣੇ ਦੇ ਘੇਰੇ ਅਧੀਨ ਆਉਂਦੇ ਇਲਾਕੇ ਵਿੱਚ ਵਾਪਰਿਆ। ਦੋਵਾਂ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰਕੇ ਨੂਹ ਦੇ ਨਾਲਹੜ ਸਥਿਤ ਸ਼ਹੀਦ ਹਸਨ ਖ਼ਾਨ ਮੇਵਾਤੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।
ਨਾਕੇ ’ਤੇ ਪੁਲੀਸ ਗੱਡੀ ਨੂੰ ਟੱਕਰ ਮਾਰ ਕੇ ਕੀਤੀ ਫਾਇਰਿੰਗ
ਪੁਲੀਸ ਤਰਜਮਾਨ ਅਨੁਸਾਰ ਫਿਰੋਜ਼ਪੁਰ ਝਿਰਕਾ ਦੀ ਕਰਾਈਮ ਯੂਨਿਟ ਦੇ ਇੰਚਾਰਜ ਸਬ-ਇੰਸਪੈਕਟਰ ਮਹਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੂੰ ਪੁਖ਼ਤਾ ਇਤਲਾਹ ਮਿਲੀ ਸੀ ਕਿ ਗਊ ਤਸਕਰ ਗੁਰੂਗ੍ਰਾਮ ਤੋਂ ਸੋਹਨਾ ਅਤੇ ਨੂਹ ਦੇ ਰਸਤੇ ਰਾਜਸਥਾਨ ਵੱਲ ਗਊਆਂ ਨੂੰ ਕੱਟਣ ਲਈ ਲੈ ਕੇ ਜਾਣ ਵਾਲੇ ਹਨ। ਸੂਚਨਾ ਦੇ ਆਧਾਰ ’ਤੇ ਪੁਲੀਸ ਟੀਮ ਨੇ ਪਿੰਡ ਨੇੜੇ ਨਾਕਾਬੰਦੀ ਕੀਤੀ।
ਕੁਝ ਸਮੇਂ ਬਾਅਦ ਇੱਕ ਅਰਟਿਗਾ (Ertiga) ਕਾਰ ਆਉਂਦੀ ਦਿਖਾਈ ਦਿੱਤੀ, ਜੋ ਨਾਕੇ ਤੋਂ 50-60 ਮੀਟਰ ਪਹਿਲਾਂ ਹੀ ਰੁਕ ਗਈ ਅਤੇ ਵਾਪਸ ਮੋੜਨ ਲੱਗੀ। ਜਦੋਂ ਪੁਲੀਸ ਨੇ ਆਪਣੀ ਸਰਕਾਰੀ ਗੱਡੀ ਨਾਲ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਨੇ ਪੁਲੀਸ ਦੀ ਗੱਡੀ ਵਿੱਚ ਆਪਣੀ ਕਾਰ ਮਾਰ ਦਿੱਤੀ। ਇਸ ਦੇ ਨਾਲ ਹੀ ਅਗਲੀ ਸੀਟ ’ਤੇ ਬੈਠੇ ਵਿਅਕਤੀ ਨੇ ਪੁਲੀਸ ਪਾਰਟੀ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਦੋਵੇਂ ਤਸਕਰ ਜ਼ਖ਼ਮੀ ਹੋ ਗਏ, ਜਦੋਂ ਕਿ ਗੱਡੀ ’ਚ ਸਵਾਰ ਦੋ ਹੋਰ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ।
ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ ਤੇ ਬਰਾਮਦਗੀ
ਜ਼ਖ਼ਮੀ ਹੋਏ ਮੁਲਜ਼ਮਾਂ ਦੀ ਪਛਾਣ ਸ਼ਮਸ਼ਾਦ ਉਰਫ਼ ਸੇਂਡਾ (ਵਾਸੀ ਉਟਾਵੜ, ਜ਼ਿਲ੍ਹਾ ਪਲਵਲ) ਅਤੇ ਰੋਬਿਨ (ਵਾਸੀ ਆਲੀਮੇਓ, ਜ਼ਿਲ੍ਹਾ ਪਲਵਲ) ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਫ਼ਰਾਰ ਹੋਏ ਆਪਣੇ ਦੋਵੇਂ ਸਾਥੀਆਂ ਦੀ ਪਛਾਣ ਵੀ ਉਜਾਗਰ ਕਰ ਦਿੱਤੀ ਹੈ।
ਪੁਲੀਸ ਨੇ ਦੱਸਿਆ ਕਿ ਰੋਬਿਨ ਖ਼ਿਲਾਫ਼ ਪਹਿਲਾਂ ਹੀ 12 ਮਾਮਲੇ ਦਰਜ ਹਨ ਅਤੇ ਉਹ ਪਹਿਲਾਂ ਵੀ ਇਨਾਮੀ ਅਪਰਾਧੀ ਰਹਿ ਚੁੱਕਾ ਹੈ। ਦੂਜੇ ਪਾਸੇ ਸ਼ਮਸ਼ਾਦ ਖ਼ਿਲਾਫ਼ 2 ਮਾਮਲੇ ਦਰਜ ਹਨ ਅਤੇ ਉਸ ’ਤੇ ਰਾਜਸਥਾਨ ਪੁਲੀਸ ਵੱਲੋਂ 3,000 ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਦੋਵਾਂ ਖ਼ਿਲਾਫ਼ ਹੋਰਨਾਂ ਸੂਬਿਆਂ ਅਤੇ ਜ਼ਿਲ੍ਹਿਆਂ ਵਿੱਚ ਵੀ ਕਈ ਮਾਮਲੇ ਵਿਚਾਰ ਅਧੀਨ ਹਨ, ਜਿਨ੍ਹਾਂ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਪੁਲੀਸ ਨੇ ਮੌਕੇ ਤੋਂ 3 ਗਊਆਂ, ਦੋ ਦੇਸੀ ਪਿਸਤੌਲ, 4 ਜ਼ਿੰਦਾ ਕਾਰਤੂਸ, 3 ਖੋਲ ਅਤੇ ਵਾਰਦਾਤ ਵਿੱਚ ਵਰਤੀ ਗਈ ਅਰਟਿਗਾ ਕਾਰ ਬਰਾਮਦ ਕੀਤੀ ਹੈ।
ਪੁਲੀਸ ਨੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਫ਼ਰਾਰ ਹੋਏ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਗਠਿਤ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ।

