ਸਾਲੇ ਨੂੰ 25 ਲੱਖ ਦਾ ਹਾਰ ਪਾਉਣ ਪਿੱਛੇ ਭਿੜੇ ਸਾਢੂ; ਬਰਾਤ ਚੜ੍ਹਨ ਤੋਂ ਪਹਿਲਾਂ ਹੀ ਚੱਲੇ ਇੱਟਾਂ-ਰੋੜੇ, ਵੀਡੀਓ ਵਾਇਰਲ
ਨੋਟਾਂ ਦੀ ਮਾਲਾ ਪਾਉਣ ਨੂੰ ਲੈ ਕੇ ਦੋ ਸਾਢੂਆਂ ਵਿਚਾਲੇ ਹੋਈ ਤਕਰਾਰ
Nuh Marriage Clash: ਹਰਿਆਣਾ ਦੇ ਨੂੰਹ ਜ਼ਿਲ੍ਹੇ ਅਧੀਨ ਆਉਂਦੇ ਪੁਨਹਾਨਾ ਉਪ-ਮੰਡਲ ਦੇ ਪਿੰਡ ਨੇਹਦਾ ਵਿੱਚ ਇੱਕ ਵਿਆਹ ਸਮਾਗਮ ਦੌਰਾਨ 25 ਲੱਖ ਰੁਪਏ ਦੀ ਨੋਟਾਂ ਦੀ ਮਾਲਾ ਪਾਉਣ ਨੂੰ ਲੈ ਕੇ ਹੋਇਆ ਮਾਮੂਲੀ ਵਿਵਾਦ ਖ਼ੂਨੀ ਝੜਪ ਵਿੱਚ ਬਦਲ ਗਿਆ। ਪਿੰਡ ਨੇਹਦਾ ਦੇ ਵਸਨੀਕ ਪੱਪੂ ਦੇ ਪੁੱਤਰ ਦੀ ਬਰਾਤ ਪਿੰਡ ਅਲੀ ਮੇਵ ਲਈ ਰਵਾਨਾ ਹੋਣੀ ਸੀ, ਪਰ ਰਵਾਨਗੀ ਤੋਂ ਪਹਿਲਾਂ ਹੀ ਰਿਸ਼ਤੇਦਾਰਾਂ ਵਿਚਾਲੇ ਹੋਏ ਪਥਰਾਅ ਕਾਰਨ ਖੁਸ਼ੀ ਦਾ ਮਾਹੌਲ ਤਣਾਅਪੂਰਨ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਲੜਕੇ ਦੇ ਜੀਜਾ ਨਯੂਮ (ਵਾਸੀ ਸਿੰਗਾਰ) ਨੇ ਆਪਣੇ ਸਾਲੇ ਨੂੰ ਕਰੀਬ 25 ਲੱਖ ਰੁਪਏ ਦੇ ਨੋਟਾਂ ਦੀ ਮਾਲਾ ਪਹਿਨਾਈ। ਇਸ ਦੌਰਾਨ ਨਯੂਮ ਦੇ ਸਾਢੂ, ਜੋ ਉੱਤਰ ਪ੍ਰਦੇਸ਼ ਦੇ ਪਿੰਡ ਹਾਤੀਆਕਾ ਦੇ ਰਹਿਣ ਵਾਲੇ ਹਨ, ਨਾਰਾਜ਼ ਹੋ ਗਏ। ਉਨ੍ਹਾਂ ਦਾ ਤਰਕ ਸੀ ਕਿ ਉਨ੍ਹਾਂ ਵੱਲੋਂ ਵੀ ਮਾਲਾ ਆ ਰਹੀ ਹੈ, ਇਸ ਲਈ ਬਰਾਤ ਨੂੰ ਰੋਕਿਆ ਜਾਵੇ। ਇਸੇ ਗੱਲ ਨੂੰ ਲੈ ਕੇ ਦੋਵਾਂ ਪੱਖਾਂ ਵਿੱਚ ਤਕਰਾਰ ਸ਼ੁਰੂ ਹੋ ਗਈ, ਜੋ ਕੁਝ ਹੀ ਦੇਰ ਵਿੱਚ ਹਿੰਸਕ ਰੂਪ ਧਾਰਨ ਕਰ ਗਈ। ਵਿਵਾਦ ਇੰਨਾ ਵਧ ਗਿਆ ਕਿ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਅਤੇ ਗਾਲੀ-ਗਲੋਚ ਸ਼ੁਰੂ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਹੇਠ ਲਿਆ। ਹਾਲਾਂਕਿ ਇਸ ਝੜਪ ਵਿੱਚ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ ਅਤੇ ਨਾ ਹੀ ਅਜੇ ਤੱਕ ਕਿਸੇ ਪੱਖ ਵੱਲੋਂ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਲਾਕੇ ਦੇ ਸਮਾਜ ਸੇਵੀਆਂ ਅਤੇ ਬੁੱਧੀਜੀਵੀਆਂ ਨੇ ਇਸ ਘਟਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੇਵਾਤ ਖੇਤਰ ਵਿੱਚ ਲੱਖਾਂ ਰੁਪਏ ਦੀਆਂ ਮਾਲਾ ਪਾਉਣ ਦੀ ਇਹ ਰਸਮ ਹੁਣ ਇੱਕ ਸਮਾਜਿਕ ਬੁਰਾਈ ਬਣਦੀ ਜਾ ਰਹੀ ਹੈ, ਜਿਸ ’ਤੇ ਨੱਥ ਪਾਉਣੀ ਜ਼ਰੂਰੀ ਹੈ।
ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓ ਵੱਡੇ ਪੱਧਰ ’ਤੇ ਵਾਇਰਲ ਹੋ ਰਹੀ ਹੈ।

