‘ਹੁਣ ਭਾਜਪਾ ਲੱਭ ਕੇ ਦਏਗੀ ਵਹੁਟੀ...’; ਪਟੌਦੀ ਦੀ ਵਿਧਾਇਕਾ ਦਾ ਅਜੀਬੋ-ਗਰੀਬ ਚੋਣ ਵਾਅਦਾ
ਰੇਵਾੜੀ ਨਗਰ ਕੌਂਸਲ ਚੋਣਾਂ ਦੀ ਰੈਲੀ ਵਿੱਚ ਗੂੰਜਿਆ ਕੁਆਰਿਆਂ ਦਾ ਮੁੱਦਾ; ਕਿਹਾ- ਅਸੀਂ ਚੁਕਾਂਗੇ ਵਿਆਹ ਕਰਵਾਉਣ ਦੀ ਜ਼ਿੰਮੇਵਾਰੀ
ਹਰਿਆਣਾ ਦੀਆਂ ਨਗਰ ਨਿਗਮ ਚੋਣਾਂ ਦੀ ਮੁਹਿੰਮ ਦੌਰਾਨ ਪਟੌਦੀ ਤੋਂ ਭਾਜਪਾ ਵਿਧਾਇਕਾ ਬਿਮਲਾ ਚੌਧਰੀ ਦੇ ਇੱਕ ਬਿਆਨ ਨੇ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਰੇਵਾੜੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਨੇ ਵਾਅਦਾ ਕੀਤਾ ਕਿ ਜੇਕਰ ਭਾਜਪਾ ਚੋਣਾਂ ਜਿੱਤਦੀ ਹੈ, ਤਾਂ ਉਹ ਇਲਾਕੇ ਦੇ ਕੁਆਰੇ ਨੌਜਵਾਨਾਂ ਦੇ ਵਿਆਹ ਕਰਵਾਉਣ ਦੀ ਜ਼ਿੰਮੇਵਾਰੀ ਲੈਣਗੇ।
ਰੇਵਾੜੀ ਤੋਂ ਭਾਜਪਾ ਉਮੀਦਵਾਰ ਵਿਨੀਤਾ ਪਿੱਪਲ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਬਿਮਲਾ ਚੌਧਰੀ ਨੇ ਜਨਤਕ ਤੌਰ ’ਤੇ ਕਿਹਾ, “ਸਾਨੂੰ ਵੋਟ ਪਾਓ ਅਤੇ ਮੈਂ ਤੁਹਾਡੇ ਨੌਜਵਾਨਾਂ ਲਈ ਵਹੁਟੀਆਂ ਲੱਭਣ ਅਤੇ ਉਨ੍ਹਾਂ ਦੇ ਵਿਆਹ ਕਰਵਾਉਣ ਦੀ ਜ਼ਿੰਮੇਵਾਰੀ ਚੁੱਕਦੀ ਹਾਂ।” ਇਸ ਦੌਰਾਨ ਮੰਚ ’ਤੇ ਮੌਜੂਦ ਸਿਹਤ ਮੰਤਰੀ ਆਰਤੀ ਰਾਓ ਨੇ ਚੁਟਕੀ ਲੈਂਦਿਆਂ ਕਿਹਾ ਕਿ ਵਿਧਾਇਕਾ ਨੇ ਹੁਣ ਰੇਵਾੜੀ ਵਿੱਚ ‘ਮੈਰਿਜ ਬਿਊਰੋ’ ਖੋਲ੍ਹ ਦਿੱਤਾ ਹੈ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਵੀ ਪਲਵਲ ਅਤੇ ਹੋਰਨਾਂ ਜ਼ਿਲ੍ਹਿਆਂ ਦੀਆਂ ਲੜਕੀਆਂ ਨਾਲ ਕਈ ਨੌਜਵਾਨਾਂ ਦੇ ਰਿਸ਼ਤੇ ਕਰਵਾ ਚੁੱਕੇ ਹਨ।
ਲਿੰਗ ਅਨੁਪਾਤ ਦਾ ਗੰਭੀਰ ਸੰਕਟ
ਹਾਲਾਂਕਿ ਇਹ ਬਿਆਨ ਹਾਸੇ ਵਿੱਚ ਦਿੱਤਾ ਗਿਆ ਜਾਪਦਾ ਹੈ, ਪਰ ਇਸ ਦੇ ਪਿੱਛੇ ਹਰਿਆਣਾ ਦਾ ਇੱਕ ਡੂੰਘਾ ਸਮਾਜਿਕ ਦਰਦ ਛੁਪਿਆ ਹੋਇਆ ਹੈ। ਸੂਬੇ ਵਿੱਚ ਲਿੰਗ ਅਨੁਪਾਤ (ਸੈਕਸ ਰੇਸ਼ੋ) ਦੀ ਭਾਰੀ ਕਮੀ ਕਾਰਨ ਹਜ਼ਾਰਾਂ ਨੌਜਵਾਨ ਵਿਆਹਾਂ ਲਈ ਤਰਸ ਰਹੇ ਹਨ। 2011 ਦੀ ਮਰਦਮਸ਼ੁਮਾਰੀ ਅਨੁਸਾਰ ਹਰਿਆਣਾ ਵਿੱਚ 1,000 ਮਰਦਾਂ ਪਿੱਛੇ ਸਿਰਫ਼ 879 ਔਰਤਾਂ ਸਨ। ਖ਼ਾਸ ਕਰਕੇ ਦੱਖਣੀ ਹਰਿਆਣਾ ਦੇ ਰੇਵਾੜੀ, ਮਹਿੰਦਰਗੜ੍ਹ ਅਤੇ ਝੱਜਰ ਵਰਗੇ ਜ਼ਿਲ੍ਹਿਆਂ ਵਿੱਚ ਇਹ ਸਮੱਸਿਆ ਇੰਨੀ ਗੰਭੀਰ ਹੈ ਕਿ 30 ਤੋਂ 40 ਸਾਲ ਦੀ ਉਮਰ ਦੇ ਮਰਦਾਂ ਨੂੰ ਵਹੁਟੀਆਂ ਨਹੀਂ ਮਿਲ ਰਹੀਆਂ।
ਪਹਿਲਾਂ ਵੀ ਉੱਠਦਾ ਰਿਹਾ ਹੈ ਮੁੱਦਾ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਰਿਆਣਾ ਦੀ ਸਿਆਸਤ ਵਿੱਚ ਵਿਆਹਾਂ ਦਾ ਮੁੱਦਾ ਗੂੰਜਿਆ ਹੋਵੇ। ਸਾਲ 2014 ਵਿੱਚ ਭਾਜਪਾ ਦੇ ਸੀਨੀਅਰ ਆਗੂ ਓ.ਪੀ. ਧਨਖੜ ਨੇ ਬਿਹਾਰ ਤੋਂ ਵਹੁਟੀਆਂ ਲਿਆਉਣ ਦੀ ਗੱਲ ਕਹਿ ਕੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਸੀ। ਰੇਵਾੜੀ ਨਗਰ ਕੌਂਸਲ ਲਈ ਵੋਟਾਂ 10 ਮਈ ਨੂੰ ਪੈਣਗੀਆਂ ਅਤੇ ਨਤੀਜੇ 13 ਮਈ ਨੂੰ ਆਉਣਗੇ, ਪਰ ਇਸ ਸਿਆਸੀ ਵਾਅਦੇ ਨੇ ਸੂਬੇ ਵਿੱਚ ਲੜਕੀਆਂ ਦੀ ਘੱਟ ਰਹੀ ਗਿਣਤੀ ਅਤੇ ‘ਕੁਆਰਿਆਂ ਦੇ ਸੰਕਟ’ ਨੂੰ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਲਿਆ ਦਿੱਤਾ ਹੈ।

