ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਗਸਤ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਨੂਹ ਹਿੰਸਾ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂ ਨੇ ਇਹ ਮੰਗ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਵੱਲੋਂ ਨੂਹ ਹਿੰਸਾ ਪਿੱਛੇ ਕਾਂਗਰਸ ਦਾ ਹੱਥ ਹੋਣ ਦਾ ਦਾਅਵਾ ਕਰਨ ਤੋਂ ਬਾਅਦ ਕੀਤੀ। ਚੰਡੀਗੜ੍ਹ ਦੇ ਸੈਕਟਰ-7 ਸਥਿਤ ਆਪਣੀ ਰਿਹਾਇਸ਼ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਹੁੱਡਾ ਨੇ ਕਿਹਾ ਕਿ ਸੂਬਾ ਸਰਕਾਰ ਮੌਨਸੂਨ ਸੈਸ਼ਨ ਵਿੱਚ ਵੀ ਕਾਨੂੰਨ ਵਿਵਸਥਾ ਤੇ ਨੂਹ ਹਿੰਸਾ ਬਾਰੇ ਜਵਾਬ ਦੇਣ ਤੋਂ ਭੱਜਦੀ ਰਹੀ। ਵਿਧਾਨ ਸਭਾ ’ਚ ਨੂਹ ਹਿੰਸਾ ’ਤੇ ਚਰਚਾ ਦਾ ਮਤਾ ਵੀ ਅਦਾਲਤ ਦਾ ਹਵਾਲਾ ਦੇ ਕੇ ਰੱਦ ਕਰ ਦਿੱਤਾ, ਜਦੋਂ ਕਿ ਅਦਾਲਤ ’ਚ ਨੂਹ ਹਿੰਸਾ ਨਹੀਂ ਬਲਕਿ ਉੱਥੇ ਚੱਲੇ ਬੁਲਡੋਜ਼ਰ ਦਾ ਮਾਮਲਾ ਪੁੱਜਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੂਹ ਹਿੰਸਾ ’ਤੇ ਚਰਚਾ ਤੋਂ ਭੱਜਣ ਮਗਰੋਂ ਜਾਪਦਾ ਹੈ ਕਿ ਸਰਕਾਰ ਕੁਝ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਥੇ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਨੇ ਸੂਬੇ ’ਚ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਸੀਈਟੀ ਪ੍ਰੀਖਿਆ ਤੇ ਹੋਰਨਾਂ ਮੁੱਦਿਆਂ ’ਤੇ ਵੀ ਸਰਕਾਰ ਨੂੰ ਘੇਰਿਆ। ਸ੍ਰੀ ਹੁੱਡਾ ਨੇ ਕਿਹਾ ਕਿ ਭਾਜਪਾ ਦੇ 9 ਸਾਲਾਂ ਦੇ ਕਾਰਜਕਾਲ ਦੌਰਾਨ ਕਰਜ਼ਾ 5 ਗੁਣਾ, ਮਹਿੰਗਾਈ 4 ਗੁਣਾ, ਬੇਰੁਜ਼ਗਾਰੀ ਤਿੰਨ ਗੁਣਾ ਤੇ ਅਪਰਾਧ ਦੋ ਗੁਣਾ ਵਧਿਆ ਹੈ ਅਤੇ ਸਰਕਾਰ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਇਨ੍ਹਾਂ ਮੁੱਦਿਆਂ ’ਤੇ ਗੱਲ ਕਰਨ ਲਈ ਤਿਆਰ ਹੀ ਨਹੀਂ। ਇਸੇ ਦੌਰਾਨ ਕਾਂਗਰਸੀ ਆਗੂ ਨੇ ਪਰਿਵਾਰ ਪਛਾਣ ਪੱਤਰ ਦੇ ਨਾਂ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਸਕੂਲਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ। ਸਕੂਲਾਂ ’ਚ ਸੁਧਾਰ ਲਈ 1800 ਕਰੋੜ ਦੇ ਬਜਟ ਦੀ ਲੋੜ ਹੈ ਤੇ ਮੌਜੂਦਾ ਵਿੱਤ ਵਰ੍ਹੇ ਸਿੱਖਿਆ ਲਈ ਸਿਰਫ਼ 424 ਕਰੋੜ ਦਾ ਬਜਟ ਰੱਖਿਆ ਗਿਆ ਹੈ।