ਚੰਡੀਗੜ੍ਹ: 6 ਦਸੰਬਰ
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਆਪਣੇ ਟਵਿੱਟਰ ’ਤੇ ਇਕ ਤਸਵੀਰ ਸਾਂਝੀ ਕੀਤੀ ਜਿਸ ਵਿਚ ਉਹ ਆਪਣੇ ਦਾਦਾ ਓਮ ਪ੍ਰਕਾਸ਼ ਚੌਟਾਲਾ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨੇ ਬਿਨਾਂ ਕਿਸੇ ਦਾਂ ਨਾਂ ਲਏ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਗਦਾਰਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੀ ਹੋਂਦ ਝੂਠ ’ਤੇ ਆਧਾਰਿਤ ਸੀ, ਇਹ ਪਾਰਟੀ ਆਪਣੀ ਹੋਂਦ ਗੁਆ ਚੁੱਕੀ ਹੈ। ਜ਼ਿਕਰਯੋਗ ਹੈ ਕਿ ਜੇਜੇਪੀ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਦੀ ਭਾਈਵਾਲ ਹੈ। ਇਹ ਪਾਰਟੀ ਤਿੰਨ ਸਾਲ ਪਹਿਲਾਂ ਇਨੈਲੋ ਵਿੱਚ ਵਿਵਾਦ ਵਧਣ ਤੋਂ ਬਾਅਦ ਬਣਾਈ ਗਈ ਸੀ। ਓਮ ਪ੍ਰਕਾਸ਼ ਚੌਟਾਲਾ ਦੇ ਵੱਡੇ ਪੁੱਤਰ ਅਜੈ ਸਿੰਘ ਚੌਟਾਲਾ ਦੀ ਅਗਵਾਈ ਵਾਲੀ ਜੇਜੇਪੀ 9 ਦਸੰਬਰ ਨੂੰ ਆਪਣਾ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਤੋਂ ਪਹਿਲਾਂ ਟਵਿੱਟਰ ’ਤੇ ਤਸਵੀਰ ਸ਼ੇਅਰ ਕਰਦੇ ਹੋਏ ਦੁਸ਼ਯੰਤ ਚੌਟਾਲਾ ਨੇ ਹਿੰਦੀ ’ਚ ਲਿਖਿਆ, ‘ਦੋ ਪਲੋਂ ਮੇਂ ਪੂਰੇ ਹੋ ਗਏ ਹੋਂ ਜੈਸੇ ਸਾਰੇ ਅਰਮਾਨ, ਛੂਏ ਦਾਦਾ ਜੀ ਕੇ ਪੈਰ, ਜੈਸੇ ਛੂ ਲਿਆ ਆਸਮਾਨ। ਇਸ ਤੋਂ ਬਾਅਦ ਇਨੈਲੋ ਮੁਖੀ ਨੇ ਕਿਹਾ ਕਿ ਉਨ੍ਹਾਂ ਕਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਅਤੇ ਅਨੁਸ਼ਾਸਨਹੀਣਤਾ ਵਾਲੇ ਲੋਕਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਹਮੇਸ਼ਾ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ਦਾ ਪਾਲਣ ਕੀਤਾ ਹੈ ਅਤੇ ਕਦੇ ਵੀ ਸੱਤਾ ਪ੍ਰਾਪਤੀ ਲਈ ਰਾਜਨੀਤੀ ਨਹੀਂ ਕੀਤੀ।-ਪੀਟੀਆਈ