NEET-UG 2026: ਮੈਡੀਕਲ ਵਿਦਿਆਰਥੀਆਂ ਦੀਆਂ ਛੁੱਟੀਆਂ ’ਤੇ ਰੋਕ; NMC ਵੱਲੋਂ ਸਖ਼ਤ ਹਦਾਇਤਾਂ ਜਾਰੀ
ਸਿਰਫ਼ ਵਿਸ਼ੇਸ਼ ਹਾਲਾਤ 'ਚ ਹੀ ਮਿਲੇਗੀ ਰਾਹਤ; ਹਦਾਇਤਾਂ ਦੀ ਉਲੰਘਣਾ ਕਰਨ ਵਾਲੀਆਂ ਸੰਸਥਾਵਾਂ ’ਤੇ ਹੋਵੇਗੀ ਕਾਰਵਾਈ
ਨੈਸ਼ਨਲ ਮੈਡੀਕਲ ਕਮਿਸ਼ਨ (ਐੱਨ.ਐੱਮ.ਸੀ.) ਨੇ ਪੂਰੇ ਦੇਸ਼ ਦੇ ਮੈਡੀਕਲ ਕਾਲਜਾਂ ਨੂੰ ਹਦਾਇਤ ਕੀਤੀ ਹੈ ਕਿ 2 ਅਤੇ 3 ਮਈ ਨੂੰ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਛੁੱਟੀ ਨਾ ਦਿੱਤੀ ਜਾਵੇ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ ਅਤਿ-ਲੋੜੀਂਦੇ ਹਾਲਾਤ ਵਿੱਚ ਹੀ ਛੁੱਟੀ ਦਿੱਤੀ ਜਾ ਸਕਦੀ ਹੈ। ਇਹ ਕਦਮ ‘ਨੀਟ-ਯੂਜੀ 2026’ (NEET UG 2026) ਪ੍ਰੀਖਿਆ ਦੇ ਸੁਚਾਰੂ ਅਤੇ ਪਾਰਦਰਸ਼ੀ ਸੰਚਾਲਨ ਨੂੰ ਯਕੀਨੀ ਬਣਾਉਣ ਅਤੇ ਪ੍ਰੀਖਿਆ ਦੌਰਾਨ ਕਿਸੇ ਵੀ ਸੰਭਾਵੀ ਗੜਬੜੀ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
ਕਮਿਸ਼ਨ ਨੇ ਸਮੂਹ ਮੈਡੀਕਲ ਸੰਸਥਾਵਾਂ ਨੂੰ ਚੌਕਸ ਰਹਿਣ ਅਤੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੇ ਨਿਰਦੇਸ਼ ਦਿੱਤੇ ਹਨ, ਜੋ ਪ੍ਰੀਖਿਆ ਦੀ ਮਰਿਆਦਾ ਨੂੰ ਠੇਸ ਪਹੁੰਚਾ ਸਕਦੀਆਂ ਹੋਣ।
ਇਹ ਦਿਸ਼ਾ-ਨਿਰਦੇਸ਼ ਕੇਂਦਰੀ ਸਿੱਖਿਆ ਮੰਤਰਾਲੇ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੇ ਆਧਾਰ ’ਤੇ ਜਾਰੀ ਕੀਤੇ ਗਏ ਹਨ, ਤਾਂ ਜੋ ਰਾਸ਼ਟਰੀ ਪੱਧਰ ਦੀ ਇਸ ਪ੍ਰਵੇਸ਼ ਪ੍ਰੀਖਿਆ ਦੀ ਨਿਰਪੱਖਤਾ ਅਤੇ ਪਵਿੱਤਰਤਾ ਬਣੀ ਰਹੇ।
ਇਸ ਸਬੰਧੀ ਦੇਸ਼ ਦੇ ਸਮੂਹ ਮੈਡੀਕਲ ਕਾਲਜਾਂ ਦੇ ਡੀਨ, ਪ੍ਰਿੰਸੀਪਲਾਂ ਅਤੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੈਡੀਕਲ ਸਿੱਖਿਆ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਪਾਲਣਾ ਲਈ ਨੋਟਿਸ ਭੇਜ ਦਿੱਤਾ ਗਿਆ ਹੈ। ਵੀਰਵਾਰ ਨੂੰ ਜਾਰੀ ਜਨਤਕ ਸੂਚਨਾ ਅਨੁਸਾਰ, ਇਹ ਫ਼ੈਸਲਾ ਪਿਛਲੇ ਸਮੇਂ ਦੌਰਾਨ ਸਾਹਮਣੇ ਆਈਆਂ ਉਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ, ਜਿਨ੍ਹਾਂ ਵਿੱਚ ਕਥਿਤ ਤੌਰ ’ਤੇ ਵਿਦਿਆਰਥੀ ਪ੍ਰੀਖਿਆ ਪ੍ਰਕਿਰਿਆ ਵਿੱਚ ਵਿਘਨ ਪਾਉਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਸਨ।
ਐੱਨ.ਐੱਮ.ਸੀ. ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਸਾਰੀਆਂ ਸੰਸਥਾਵਾਂ ਲਈ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਨੀਟ-ਯੂਜੀ 2026 ਦੀ ਪ੍ਰੀਖਿਆ 3 ਮਈ ਨੂੰ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ ’ਤੇ ‘ਪੈੱਨ ਅਤੇ ਪੇਪਰ’ ਮੋਡ ਰਾਹੀਂ ਲਈ ਜਾ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਪ੍ਰੀਖਿਆ ਹੋਣ ਦੇ ਨਾਤੇ, ਇਸ ਨੂੰ ਨਿਰਪੱਖ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਐੱਨ.ਐੱਮ.ਸੀ. ਹਰ ਮੁਮਕਿਨ ਕੋਸ਼ਿਸ਼ ਕਰ ਰਿਹਾ ਹੈ।

