ਨੌਂ ਰੋਜ਼ਾ ਸਿੱਖਿਆ ਤੇ ਅੰਦਰੂਨੀ ਸਿਖਲਾਈ ਪ੍ਰੋਗਰਾਮ ਸਮਾਪਤ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 30 ਜੂਨ
ਇਕ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅਧਿਆਪਕਾਂ ਨੂੰ ਸਮੇਂ ਸਿਰ ਆਪਣੇ ਆਪ ਨੂੰ ਅਪਡੇਟ ਕਰਨ ਦੀ ਲੋੜ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਜ਼ਿੰਮੇਵਾਰੀ ਅਧਿਆਪਕਾਂ ’ਤੇ ਹੈ। ਇਸ ਲਈ ਆਉਣ ਵਾਲਾ ਸਮਾਂ ਚੁਣੌਤੀਆਂ ਨਾਲ ਭਰਿਆ ਹੋਇਆ ਹੈ। ਅਧਿਆਪਕਾਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਵਿਚਾਰ ਡਾ. ਅਸ਼ੋਕ ਸ਼ਰਮਾ ਚੇਅਰਮੈਨ ਮਾਸ ਕਮਿਊਨੀਕੇਸ਼ਨ ਵਿਭਾਗ ਸੈਂਟਰੇਲ ਯੂਨੀਵਰਸਿਟੀ ਹਰਿਆਣਾ ਨੇ ਅੱਜ ਮਹਾਂਰਿਸ਼ੀ ਵਿਦਿਆ ਮੰਦਰ ਸਕੂਲ ਸਾਂਵਲਾ ਵਿਚ ਨੌਂ ਰੋਜ਼ਾ ਮਹਾਂਰਿਸ਼ੀ ਚੇਤਨਾ ਅਧਾਰਿਤ ਸਿੱਖਿਆ ਤੇ ਸਿਖਲਾਈ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਪ੍ਰਗਟ ਕੀਤੇ। ਉਨ੍ਹਾਂ ਦਾ ਸਕੂਲ ਪੁੱਜਣ ’ਤੇ ਪ੍ਰਿੰਸੀਪਲ ਮਹਿੰਦਰ ਕੌਰ, ਐੱਮਸੀਬੀਈ ਕੋਆਰਡੀਨੇਟਰ ਡਾ. ਵੀਨਾ ਬਹੁਗੁਣਾ ਤੇ ਹੋਰ ਅਧਿਆਪਕਾਂ ਨੇ ਸਵਾਗਤ ਕੀਤਾ। ਸ਼ਰਮਾ ਨੇ ਕਿਹਾ ਕਿ ਦੇਸ਼ ਵਿਚ ਪਹਿਲੀ ਵਾਰ ਸਿੱਖਿਆ ਨੀਤੀ ਦੀ ਇੰਨੇ ਵੱਡੇ ਪੱਧਰ ’ਤੇ ਚਰਚਾ ਕੀਤੀ ਗਈ ਹੈ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ। ਇਸ ਲਈ ਸੈਮੀਨਾਰ ਤੇ ਵਰਕਸ਼ਾਪਾਂ ਲਾਈਆਂ ਜਾ ਰਹੀਆਂ ਹਨ। ਆਉਣ ਵਾਲਾ ਸਮਾਂ ਤਕਨਾਲੋਜੀ ਅਤੇ ਏਆਈ ਦਾ ਹੈ। ਸਮਾਗਮ ਵਿਚ ਹਿੱਸਾ ਲੈਣ ਵਾਲੇ ਵੱਖ-ਵੱਖ ਸਕੂਲਾਂ ਦੇ ਚਾਲੀ ਤੋਂ ਵੱਧ ਅਧਿਆਪਕਾਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੀਨੀਅਰ ਮਾਡਲ ਸਕੂਲ ਦੇ ਅਧਿਆਪਕ ਡਾ. ਸੁਸ਼ੀਲ ਕੁਮਾਰ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਸੀਬੀਐੇੱਸਈ ਤੋਂ ਆਈ ਮੁੱਖ ਟਰੇਨਰ ਗੁਰਸ਼ਰਨ ਕੌਰ ਨੇ ਦੋ ਦਿਨਾਂ ਲਈ ਅਧਿਆਪਕਾਂ ਨੂੰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤੇ ਨਵੀਆਂ ਤਕਨਾਲੋਜੀਆਂ ਬਾਰੇ ਜਾਣਕਾਰੀ ਦਿੱਤੀ।