ਨੀਰਜ ਯਮੁਨਾਨਗਰ-ਜਗਾਧਰੀ ਨਿਗਮ ਦਾ ਬ੍ਰਾਂਡ ਅੰਬੈਸਡਰ
ਦੁਬਈ ਵਿੱਚ ਚੈਂਪੀਅਨਸ਼ਿਪ ਜਿੱਤਣ ਮਗਰੋਂ ਮੁੱਕੇਬਾਜ਼ ਦਾ ਸਨਮਾਨ; ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ
ਦੁਬਈ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਮਗਰੋਂ ਪਰਤੇ ਕੌਮਾਂਤਰੀ ਮੁੱਕੇਬਾਜ਼ ਨੀਰਜ ਗੋਇਤ ਦਾ ਅੱਜ ਨਗਰ ਨਿਗਮ ਦਫ਼ਤਰ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਪ੍ਰਸ਼ਾਸਨ ਨੇ ਅਹਿਮ ਐਲਾਨ ਕਰਦਿਆਂ ਨੀਰਜ ਗੋਇਤ ਨੂੰ ਯਮੁਨਾਨਗਰ-ਜਗਾਧਰੀ ਨਗਰ ਨਿਗਮ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ। ਸਮਾਗਮ ਵਿੱਚ ਮੇਅਰ ਸੁਮਨ ਬਾਹਮਣੀ, ਨਗਰ ਕਮਿਸ਼ਨਰ ਮਹਾਬੀਰ ਪ੍ਰਸਾਦ, ਵਧੀਕ ਕਮਿਸ਼ਨਰ ਧੀਰਜ ਕੁਮਾਰ ਅਤੇ ਡਿਪਟੀ ਕਮਿਸ਼ਨਰ ਕੁਲਦੀਪ ਮਲਿਕ ਨੇ ਮੁੱਕੇਬਾਜ਼ ਨੂੰ ਹਾਰ ਪਾ ਕੇ ਅਤੇ ਗੁਲਦਸਤੇ ਭੇਟ ਕਰ ਕੇ ਸਨਮਾਨਿਤ ਕੀਤਾ।
ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਨੀਰਜ ਨੇ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਬਤੌਰ ਬ੍ਰਾਂਡ ਅੰਬੈਸਡਰ ਉਹ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਨਸ਼ਾ ਮੁਕਤ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਣਗੇ। ਕਮਿਸ਼ਨਰ ਮਹਾਬੀਰ ਪ੍ਰਸਾਦ ਨੇ ਕਿਹਾ ਕਿ ਨੀਰਜ ਗੋਇਤ ‘ਸਵੱਛ ਸਰਵੇਖਣ 2025’ ਵਿੱਚ ਨਗਰ ਨਿਗਮ ਲਈ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਵਧੀਕ ਕਮਿਸ਼ਨਰ ਧੀਰਜ ਕੁਮਾਰ ਨੇ ਕਿਹਾ ਕਿ ਇਸ ਜਿੱਤ ਨੇ ਨੌਜਵਾਨਾਂ ਵਿੱਚ ਨਵੀਂ ਊਰਜਾ ਭਰ ਦਿੱਤੀ ਹੈ।
ਸਨਮਾਨ ਮਗਰੋਂ ਨੀਰਜ ਨੇ ਕਿਹਾ ਕਿ ਦੁਬਈ ਦਾ ਮੁਕਾਬਲਾ ਆਸਾਨ ਨਹੀਂ ਸੀ ਪਰ ਕੋਚ ਦੇ ਮਾਰਗਦਰਸ਼ਨ ਅਤੇ ਪਰਿਵਾਰ ਦੇ ਸਹਿਯੋਗ ਨਾਲ ਜਿੱਤ ਪ੍ਰਾਪਤ ਹੋਈ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਵੱਲ ਆਉਣ ਅਤੇ ਸ਼ਹਿਰ ਵਾਸੀਆਂ ਨੂੰ ਸਫ਼ਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ਲੇਖਾ ਅਧਿਕਾਰੀ ਕ੍ਰਿਸ਼ਨਾ ਜੈਨ, ਐਕਸੀਅਨ ਨਰਿੰਦਰ ਸੁਹਾਗ, ਵਿਕਾਸ ਧੀਮਾਨ, ਐੱਮ ਈ ਮ੍ਰਿਣਾਲ ਜੈਸਵਾਲ, ਖੇਤਰੀ ਕਰ ਅਧਿਕਾਰੀ ਅਜੇ ਵਾਲੀਆ ਅਤੇ ਸੀ ਐੱਸ ਆਈ ਅਨਿਲ ਨੈਨ ਮੌਜੂਦ ਸਨ।

