Nayab Saini ਵੱਲੋਂ ਮਹਾਦੇਵ ਧਾਮ ਮੰਦਰ ਦਾ ਦੌਰਾ
ਮੰਦਰ ਦਾ ਗੁੰਬਦ ਢਹਿਣ ’ਤੇ ਮੁੱਖ ਮੰਤਰੀ ਨੇ ਪੁਨਰ ਨਿਰਮਾਣ ਲਈ 21 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਾਬੈਨ ਵਿਚ ਜਯੋਤਿਰਲਿੰਗ ਨਾਗੇਸ਼ਵਰ ਮੰਦਰ ਦਾ ਦੌਰਾ ਕੀਤਾ ਤੇ ਹਾਲ ਹੀ ਵਿਚ ਢਹਿ-ਢੇਰੀ ਹੋਏ ਮੰਦਰ ਦੇ ਗੁੰਬਦ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਮੰਦਰ ਦੀ ਦੇਖ ਭਾਲ ਕਰਨ ਵਾਲੇ ਸੰਤ ਨਟਰਾਜ ਗਿਰੀ ਜਿਨ੍ਹਾਂ ਦਾ ਇਸ ਹਾਦਸੇ ਵਿਚ ਦੇਹਾਂਤ ਹੋ ਗਿਆ ਸੀ, ਨੂੰ ਉਨ੍ਹਾਂ ਦੀ ਸਮਾਧ ’ਤੇ ਫੁੱਲ ਭੇਟ ਕਰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਮੰਦਰ ਦੇ ਪੁਨਰ ਨਿਰਮਾਣ ਲਈ 21 ਲੱਖ ਰੁਪਏ ਗਰਾਂਟ ਦੇਣ ਦਾ ਐਲਾਨ ਕੀਤਾ ਤੇ ਪ੍ਰਸ਼ਾਸਨ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਜਯੋਤਿਰਲਿੰਗ ਨਾਗੇਸ਼ਵਰ ਮਹਾਦੇਵ ਮੰਦਰ ਵਿੱਚ ਖੇਤਰ ਦੇ ਲੋਕਾਂ ਦੀ ਪੂਰੀ ਆਸਥਾ ਹੈ। ਮੰਦਰ ਨੂੰ ਹੋਰ ਵੀ ਸ਼ਾਨਦਾਰ ਤੇ ਆਕਰਸ਼ਕ ਰੂਪ ਵਿਚ ਬਹਾਲ ਕੀਤਾ ਜਾਏਗਾ। ਮੁੱਖ ਮੰਤਰੀ ਨੇ ਇਲਾਕੇ ਦੇ ਸੰਤ ਭਾਈਚਾਰੇ, ਨੌਜੁਆਨਾਂ, ਤੇ ਨਾਗਰਿਕਾਂ ਨੂੰ ਮੰਦਰ ਦੇ ਪੁਨਰ ਨਿਰਮਾਣ ਵਿਚ ਆਪਣੀ ਮਿਹਨਤ ਤੇ ਸਮਰਥਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਿਰਫ ਇਕ ਧਾਰਮਿਕ ਸਥਾਨ ਹੀ ਨਹੀਂ ਸਗੋਂ ਖੇਤਰ ਦੀ ਆਸਥਾ ਤੇ ਸਭਿਆਚਾਰਕ ਪਛਾਣ ਦਾ ਪ੍ਰਤੀਕ ਹੈ। ਮੁੱਖ ਮੰਤਰੀ ਨੇ ਮੰਦਰ ਦੇ ਪੁਜਾਰੀ ਮਹੰਤ ਤ੍ਰਿਕਾਲ ਗਿਰੀ ਤੇ ਸਥਾਨਕ ਸ਼ਰਧਾਲੂਆਂ ਤੋਂ ਘਟਨਾ ਬਾਰੇ ਵਿਸਥਾਪੂਰਵਕ ਜਾਣਕਾਰੀ ਲਈ। ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਦੱਸਦਿਆਂ ਉਨ੍ਹਾਂ ਕਿਹਾ ਕਿ ਸੰਤ ਨਟਰਾਜ ਗਿਰੀ ਦਾ ਦੇਹਾਂਤ ਪੂਰੇ ਖੇਤਰ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਦੌਰਾਨ ਪਿੰਡ ਸੰਘੋਰ ਦੇ ਨੰਬਰਦਾਰ ਓਮ ਪ੍ਰਕਾਸ਼ ਨੇ ਮੁੱਖ ਮੰਤਰੀ ਨੂੰ ਇਕ ਮੰਗ ਪੱਤਰ ਸੌਂਪਿਆ ਜਿਸ ਵਿਚ ਲਗਭਗ 250 ਸਾਲ ਪੁਰਾਣੇ ਸ਼ਿਵ ਮੰਦਰ ਦੀ ਮੁਰੰਮਤ, ਕੀਰਤਨ ਹਾਲ ਤੇ ਭੰਡਾਰ ਹਾਲ ਲਈ ਇਕ ਸ਼ੈੱਡ ਬਨਾਉਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।
