ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਮੌਕੇ ਕੌਮੀ ਏਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਸ਼ਾਸਨ ਵੱਲੋਂ ‘ਰਨ ਫਾਰ ਯੂਨਿਟੀ’ ਮੈਰਾਥਨ ਕਰਵਾਈ ਗਈ, ਜਿਸ ਵਿੱਚ ਮੁਲਾਜ਼ਮਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਐੱਸ ਡੀ ਐੱਮ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਰਤੀਆ ਦੇ ਵਿਧਾਇਕ ਜਰਨੈਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਧਾਇਕ ਸਰਦਾਰ ਜਰਨੈਲ ਸਿੰਘ ਨੇ ਤਹਿਸੀਲ ਕੰਪਲੈਕਸ ਤੋਂ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਭਾਗੀਦਾਰਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ। ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਦਾ ਸਮੁੱਚਾ ਜੀਵਨ ਦੇਸ਼ ਸੇਵਾ, ਅਨੁਸ਼ਾਸਨ ਅਤੇ ਰਾਸ਼ਟਰ ਪ੍ਰਤੀ ਸਮਰਪਣ ਦੀ ਮਿਸਾਲ ਹੈ। ਉਹ ਭਾਰਤੀ ਆਜ਼ਾਦੀ ਸੰਗਰਾਮ ਦੇ ਮਹਾਨ ਯੋਧੇ ਹੋਣ ਦੇ ਨਾਲ-ਨਾਲ ਕੌਮੀ ਏਕਤਾ ਦੇ ਮਜ਼ਬੂਤ ਸਮਰਥਕ ਸਨ। ਦੇਸ਼ ਪ੍ਰਤੀ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਕਾਰਨ ਹੀ ਉਨ੍ਹਾਂ ਨੂੰ ‘ਲੋਹ ਪੁਰਸ਼’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦੀ ਲਹਿਰ ਦੌਰਾਨ ਵੀ ਸਰਦਾਰ ਪਟੇਲ ਨੇ ਆਮ ਲੋਕਾਂ ਅਤੇ ਕਿਸਾਨਾਂ ਨੂੰ ਇਕਜੁੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਵਿਧਾਇਕ ਨੇ ਕਿਹਾ ਕਿ ਸਰਦਾਰ ਪਟੇਲ ਦਾ ਮੰਨਣਾ ਸੀ ਕਿ ਕਿਸੇ ਵੀ ਦੇਸ਼ ਦੀ ਅਸਲ ਤਾਕਤ ਉਸ ਦੀ ਏਕਤਾ ਵਿੱਚ ਹੁੰਦੀ ਹੈ।
ਇਸ ਮੌਕੇ ਨਾਇਬ ਤਹਿਸੀਲਦਾਰ ਬਲਵਾਨ ਸਿੰਘ, ਉਪ ਸਿਵਲ ਸਰਜਨ ਡਾ. ਭਰਤ ਸਿੰਘ, ਥਾਣਾ ਮੁਖੀ ਪ੍ਰਵੀਨ ਕੁਮਾਰ, ਬੀ ਈ ਓ ਸ਼ਸ਼ੀ ਪ੍ਰਕਾਸ਼, ਹੈਲਥ ਇੰਸਪੈਕਟਰ ਰਾਜੇਸ਼ ਸਿਓਕੰਦ, ਪ੍ਰਿੰਸੀਪਲ ਤਰੁਣ ਗੇਰਾ, ਸਾਹਿਤਕਾਰ ਡਾ. ਨੈਬ ਸਿੰਘ ਮੰਡੇਰ, ਬੀ ਆਰ ਸੀ ਕੁਲਦੀਪ ਸਿੰਘ ਆਦਿ ਮੌਜੂਦ ਸਨ।

