ਕਾਲਾਂਵਾਲੀ (ਪੱਤਰ ਪ੍ਰੇਰਕ): ਪਿੰਡ ਸੁਖਚੈਨ ਵਿੱਚ ਵਿਆਹੁਤਾ ਮਹਿਲਾ ਦੇ ਕਤਲ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਮ੍ਰਿਤਕਾ ਦੇ ਪਰਿਵਾਰ ਨੇ ਅੱਜ ਥਾਣਾ ਬੜਾਗੁੜਾ ਅੱਗੇ ਪੱਕਾ ਧਰਨਾ ਸ਼ੁਰੂ ਕੀਤਾ ਹੈ। ਧਰਨੇ ’ਚ ਥਿਰਾਜ ਤੇ ਹੋਰ ਨੇੜਲੇ ਪਿੰਡਾਂ ਤੋਂ ਵੀ ਕਿਸਾਨ ਜਥੇਬੰਦੀਆਂ ਪੁੱਜੀਆਂ ਹਨ। ਖ਼ਬਰ ਲਿਖੇ ਜਾਣ ਤੱਕ ਥਾਣੇ ਦੇ ਅੱਗੇ ਧਰਨਾ ਜਾਰੀ ਸੀ। ਬੀਤੀ 4 ਅਗਸਤ ਨੂੰ ਸੁਖਚੈਨ ਵਿੱਚ ਅੰਮ੍ਰਿਤਪਾਲ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕਾ ਦੇ ਪਿਤਾ ਸੋਹਣ ਸਿੰਘ ਵਾਸੀ ਥਿਰਾਜ ਨੇ ਅੰਮ੍ਰਿਤਪਾਲ ਦੇ ਪਤੀ ਬਲਕੌਰ ਸਿੰਘ, ਸਹੁਰਾ ਬੂਟਾ ਸਿੰਘ, ਸੱਸ ਤੇ ਦੋ ਹੋਰਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਪਤੀ ਬਲਕੌਰ ਸਿੰਘ ਤੇ ਸਹੁਰਾ ਬੂਟਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਬਾਕੀ ਮੁਲਜ਼ਮ ਹਾਲੇ ਤੱਕ ਫ਼ਰਾਰ ਸਨ। ਸੋਹਣ ਸਿੰਘ ਨੇ ਕਿਹਾ ਕਿ ਪੁਲੀਸ ਕਤਲ ਦੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ, ਜਿਸ ਕਾਰਨ ਅੱਜ ਤੋਂ ਥਾਣੇ ਅੱਗੇ ਪੱਕਾ ਧਰਨਾ ਸ਼ਰੂ ਕੀਤਾ ਹੈ।