ਪੱਤਰ ਪ੍ਰੇਰਕ
ਰਤੀਆ, 13 ਨਵੰਬਰ
ਪਿੰਡ ਮਹਿਮਦਕੀ ਵਿੱਚ ਟਰੈਕਟਰ ਅਤੇ ਮੋਟਰਸਾਈਕਲ ਦੇ ਵਿਚਕਾਰ ਹੋਈ ਟੱਕਰ ਦੌਰਾਨ ਪਿੰਡ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰਤੀਆ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ।
ਪੁਲੀਸ ਨੇ ਇਸ ਮਾਮਲੇ ਸਬੰਧੀ ਮ੍ਰਿਤਕ ਸੁਖਦੀਪ ਸਿੰਘ ਦੇ ਭਰਾ ਹਰਦੀਪ ਸਿੰਘ ਦੇ ਬਿਆਨਾਂ ’ਤੇ ਟਰੈਕਟਰ ਚਾਲਕ ਮੰਗਾਂ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੂੰ ਬਿਆਨ ਦਿੰਦੇ ਹੋਏ ਹਰਦੀਪ ਸਿੰਘ ਨੇ ਦੱਸਿਆ ਕਿ ਸੁਖਦੀਪ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਉਹ ਅਤੇ ਉਸ ਦਾ ਭਰਾ ਸੁਖਦੀਪ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਵਿੱਚ ਰਾਮਦਾਸੀਆ ਧਰਮਸ਼ਾਲਾ ਵਿੱਚ ਲੱਗੇ ਟਿਊਬਵੈਲ ਤੋਂ ਪਾਣੀ ਲਿਆਉਣ ਲਈ ਜਾ ਰਹੇ ਸਨ। ਜਦੋਂ ਉਹ ਮੈਡੀਕਲ ਦੀ ਦੁਕਾਨ ਕੋਲ ਪਹੁੰਚੇ ਤਾਂ ਪਿੰਡ ਪਿਲਛੀਆਂ ਵੱਲੋਂ ਇਕ ਟਰੈਕਟਰ ਆ ਰਿਹਾ ਸੀ ਅਤੇ ਇਸ ਟਰੈਕਟਰ ਨੂੰ ਪਿੰਡ ਦਾ ਮੰਗਾ ਸਿੰਘ ਚਲਾ ਰਿਹਾ ਸੀ। ਇਸ ਦੌਰਾਨ ਟਰੈਕਟਰ ਚਾਲਕ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਵਾਹਨ ਚਲਾਉਂਦਾ ਆ ਰਿਹਾ ਸੀ, ਜਿਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਸ ਨੇ ਆਪਣੇ ਭਰਾ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹੀ ਰਤੀਆ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਟਰੈਕਟਰ ਚਾਲਕ ਦੀ ਲਾਪ੍ਰਵਾਹੀ ਦੇ ਚੱਲਦੇ ਹੀ ਉਪਰੋਕਤ ਦੁਰਘਟਨਾ ਵਾਪਰੀ ਹੈ ਅਤੇ ਉਸ ਦੇ ਭਰਾ ਨੇ ਆਪਣੀ ਜਾਨ ਗੁਆ ਦਿੱਤੀ ਹੈ। ਪੁਲੀਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।