ਮੰਗੋਲੀ ਜਟਾਨ ਵਿੱਚ 200 ਤੋਂ ਵੱਧ ਬੂਟੇ ਲਾਏ
ਜ਼ਿਲ੍ਹਾ ਪਰਿਸ਼ਦ ਅਤੇ ਡੀ ਆਰ ਡੀ ਏ ਅਧਿਕਾਰੀ ਡਾ. ਸਤਿਆ ਭੂਸ਼ਣ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਹਰ ਕਿਸੇ ਦੀ ਨੈਤਿਕ ਜ਼ਿੰਮੇਵਾਰੀ ਹੈ। ਵਧ ਰਹੇ ਪ੍ਰਦੂਸ਼ਣ ਤੇ ਵਾਤਾਵਰਨ ਤਬਦੀਲੀ ਦੇ ਮੱਦੇਨਜ਼ਰ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਜੀਵਨ...
ਜ਼ਿਲ੍ਹਾ ਪਰਿਸ਼ਦ ਅਤੇ ਡੀ ਆਰ ਡੀ ਏ ਅਧਿਕਾਰੀ ਡਾ. ਸਤਿਆ ਭੂਸ਼ਣ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਹਰ ਕਿਸੇ ਦੀ ਨੈਤਿਕ ਜ਼ਿੰਮੇਵਾਰੀ ਹੈ। ਵਧ ਰਹੇ ਪ੍ਰਦੂਸ਼ਣ ਤੇ ਵਾਤਾਵਰਨ ਤਬਦੀਲੀ ਦੇ ਮੱਦੇਨਜ਼ਰ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਬੂਟਾ ਜ਼ਰੂਰ ਲਗਾਏ ਅਤੇ ਉਸ ਦੀ ਉਦੋਂ ਤੱਕ ਸੰਭਾਲ ਕਰੇ ਜਦੋਂ ਤੱਕ ਉਹ ਰੁੱਖ ਨਾ ਬਣ ਜਾਵੇ। ਡਾ. ਭੂਸ਼ਣ ‘ਭਾਰਤ ਰੁਜ਼ਗਾਰ ਤੇ ਆਜੀਵਕਾ ਮਿਸ਼ਨ ਗ੍ਰਾਮੀਣ’ ਤਹਿਤ ਬਲਾਕ ਬਾਬੈਨ ਦੇ ਪਿੰਡ ਮੰਗੋਲੀ ਜਟਾਨ ਵਿੱਚ ਬੂਟੇ ਲਾਉਣ ਮੁਹਿੰਮ ਸਬੰਧੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਾ-ਭਰਾ, ਸਾਫ਼ ਵਾਤਾਵਰਨ ਬਣਾਉਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਉਦੇਸ਼ ਨਾਲ ਕੀਤਾ ਗਿਆ। ਇਸ ਮੁਹਿੰਮ ਦੌਰਾਨ ਪਿੰਡ ਦੇ ਸਰਕਾਰੀ ਸਕੂਲ, ਖੇਡ ਸਟੇਡੀਅਮ ਅਤੇ ਸ਼ਿਵ ਧਾਮ ਦੇ ਮੈਦਾਨ ਵਿੱਚ ਵੱਖ-ਵੱਖ ਕਿਸਮਾਂ ਦੇ 200 ਤੋਂ ਵੱਧ ਪੌਦੇ ਲਗਾਏ ਗਏ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਅਹਿਦ ਲਿਆ ਗਿਆ। ਡਾ. ਭੂਸ਼ਣ ਨੇ ਕਿਹਾ ਕਿ ਪੌਦੇ ਨਾ ਸਿਰਫ਼ ਹਰਿਆਲੀ ਵਧਾਉਂਦੇ ਹਨ, ਸਗੋਂ ਸਾਫ਼ ਹਵਾ, ਸੰਤੁਲਿਤ ਜਲਵਾਯੂ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਬੂਟੇ ਲਗਾਉਣ ਨੂੰ ਲੋਕ ਲਹਿਰ ਸ਼ੁਰੂ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਬੂਟੇ ਲਗਾ ਕੇ ਸਾਰਿਆਂ ਨੇ ਵਾਤਾਵਰਨ ਸੁਰੱਖਿਆ ਦਾ ਸੁਨੇਹਾ ਦਿੱਤਾ ਅਤੇ ਲਗਾਏ ਗਏ ਬੂਟਿਆਂ ਦੀ ਸੰਭਾਲ ਦਾ ਅਹਿਦ ਲਿਆ। ਇਸ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਸੁਸ਼ੀਲ ਕੁਮਾਰ ਮੰਗਲਾ, ਸਰਪੰਚ ਨੀਲਮ ਰਾਣੀ, ਏ ਬੀ ਪੀ ਓ ਸੰਦੀਪ ਕੁਮਾਰ, ਗ੍ਰਾਮ ਸਕੱਤਰ ਹਿਮਾਂਸ਼ੂ ਸਣੇ ਪਿੰਡ ਵਾਸੀ ਮੌਜੂਦ ਸਨ।

