ਮੀਰੀ ਪੀਰੀ ਮੈਡੀਕਲ ਕਾਲਜ ਤੇ ਇੰਸਟੀਚਿਊਟ ਸੁਤੰਤਰ ਟਰੱਸਟ: ਧਾਮੀ
ਦਾਦੂੁਵਾਲ ਵੱਲੋਂ ਕੀਤੀ ਧੱਕੇਸ਼ਾਹੀ ਦਾ ਵਿਰੋਧ; ਜ਼ਿਲ੍ਹਾ ਪੁਲੀਸ ਕਪਤਾਨ ਨੂੰ ਕਾਰਵਾਈ ਲਈ ਮੰਗ ਪੱਤਰ ਦਿੱਤਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਚੈਰੀਟੇਬਲ ਟਰੱਸਟ ਸੁਤੰਤਰ ਸੰਸਥਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਦੀ ਸਹੂਲਤ ਲਈ ਟਰੱਸਟ ਨੂੰ ਹਰ ਸਾਲ ਕਰੋੜਾਂ ਰੁਪਏ ਦੀ ਵਿੱਤੀ ਸਹਾਇਤਾ ਦਿੰਦੀ ਹੈ। ਉਹ ਅੱਜ ਸੂਬੇ ਦੀ ਸੰਗਤ ਵੱਲੋਂ ਮੀਰੀ ਪੀਰੀ ਇੰਸਟੀਚਿਊਟ ਵਿੱਚ ਕੀਤੀ ਇਕੱਤਰਤਾ ਵਿੱਚ ਪੁੱਜੇ ਸਨ। ਜ਼ਿਕਰਯੋਗ ਹੈ ਕਿ ਬਲਜੀਤ ਸਿੰਘ ਦਾਦੂਵਾਲ ਵੱਲੋਂ ਬੀਤੇ ਦਿਨੀਂ ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਚੈਰੀਟੇਬਲ ਟਰੱਸਟ ਸ਼ਾਹਬਾਦ ਮਾਰਕੰਡਾ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਟਰੱਸਟ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ। ਪੁਲੀਸ ਨੇ ਟਰੱਸਟ ਦੇ ਟਰੱਸਟੀਆਂ ਸਣੇ ਸੰਗਤ ’ਤੇ ਹੀ ਕੇਸ ਦਰਜ ਕਰ ਦਿੱਤਾ ਸੀ। ਅੱਜ ਇਕੱਤਰ ਹੋਈ ਸੰਗਤ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ। ਸ੍ਰੀ ਧਾਮੀ ਨੇ ਕਿਹਾ ਕਿ ਪਹਿਲਾਂ ਵੀ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਸ ’ਤੇ ਕਬਜ਼ਾ ਕਰਨਾ ਚਾਹਿਆ ਤਾਂ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚਲਾ ਗਿਆ। ਹਾਈ ਕੋਰਟ ਨੇ ਇਸ ’ਤੇ ਸਟੇਅ ਲਾਇਆ ਹੋਇਆ ਹੈ। ਸ੍ਰੀ ਦਾਦੂਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਦੀ ਉਲੰਘਣਾ ਕੀਤੀ ਹੈ। ਸੰਗਤ ਇਸ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰਘੂਜੀਤ ਸਿੰਘ ਵਿਰਕ ਨੇ ਕਿਹਾ ਕਿ ਮੀਰੀ ਪੀਰੀ ਇੰਸਟੀਚਿਊਟ ਵਿੱਚ ਜਲਦੀ ਹੀ ਮੈਡੀਕਲ ਕਾਲਜ ਖੋਲ੍ਹਿਆ ਜਾ ਰਿਹਾ ਹੈ ਜਿਸ ਲਈ ਇਮਾਰਤ ਲਗਪਗ ਤਿਆਰ ਹੋ ਚੁੱਕੀ ਹੈ। ਬਲਦੇਵ ਸਿੰਘ ਕਾਇਮਪੁਰ ਨੇ ਕਿਹਾ ਕਿ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਮੈਡੀਕਲ ਕਾਲਜ ਲਈ 100 ਐੱਮ ਬੀ ਬੀ ਐੱਸ ਵਿਦਿਆਰਥੀਆਂ ਦੇ ਦਾਖ਼ਲੇ ਲਈ ਐੱਨ ਓ ਸੀ ਦਿੱਤਾ ਜਾਵੇ। ਹਰਭਜਨ ਸਿੰਘ ਮਸਾਣਾ ਨੇ ਕਿਹਾ ਕਿ ਮੀਰੀ ਪੀਰੀ ਹਸਪਤਾਲ ਇਲਾਕੇ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇ ਰਿਹਾ ਹੈ।
ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਕਾਇਮਪੁਰ, ਮੋਹਨਜੀਤ ਸਿੰਘ ਪਾਨੀਪਤ, ਜਸਬੀਰ ਕੌਰ ਮਸਾਣਾ, ਸੁਖਜਿੰਦਰ ਸਿੰਘ ਮਸਾਣਾ, ਗੁਰਜੀਤ ਸਿੰਘ ਧਮੋਲੀ, ਹਰਿੰਦਰ ਸਿੰਘ ਰਛੇੜੀ, ਕਰਮਜੀਤ ਸਿੰਘ ਫਤਿਆਬਾਦ, ਬਿੰਦਰ ਸਿੰਘ ਖ਼ਾਲਸਾ ਕਾਲਾਂਵਾਲੀ, ਰਵਿੰਦਰ ਸਿੰਘ ਰਾਣਾ ਫ਼ਰੀਦਾਬਾਦ, ਬਲਕਾਰ ਸਿੰਘ ਮਰਦੋਂ ਸਾਹਿਬ, ਕੁਲਦੀਪ ਸਿੰਘ ਜੋਗੇਵਾਲ, ਗੁਰਮੇਜ ਸਿੰਘ ਸਿਰਸਾ, ਕਰਮਜੀਤ ਸਿੰਘ ਰਤੀਆ, ਹਰਮਨ ਸਿੰਘ ਬੁਟਰ ਤੇ ਗੁਰਮੇਜ ਸਿੰਘ ਰਤੀਆ ਨੇ ਕਿਹਾ ਕਿ ਉਨ੍ਹਾਂ ਨੂੰ ਸੰਗਤ ਨੇ ਚੁਣ ਕੇ ਭੇਜਿਆ ਹੈ। ਉਹ ਹਮੇਸ਼ਾ ਸੱਚ ਨਾਲ ਖੜ੍ਹੇ ਹੋਣਗੇ। ਸੂਬੇ ਦੀ ਸਿੱਖ ਸੰਗਤ ਲਈ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਦੀ ਉਹ ਸ਼ਲਾਘਾ ਕਰਦੇ ਹਨ। ਇਸ ਮੌਕੇ ਤਜਿੰਦਰਪਾਲ ਸਿੰਘ ਲਾਡਵਾ, ਅਮਰਜੀਤ ਕੌਰ ਬਾੜਾ, ਗੁਰਮੀਤ ਸਿੰਘ ਤਿਲੋਕੇਵਾਲਾ ਆਦਿ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਤ ਪੁੱਜੀ ਹੋਈ ਸੀ। ਇਸ ਮੌਕੇ ਜ਼ਿਲ੍ਹਾ ਪੁਲੀਸ ਕਪਤਾਨ ਨੂੰ ਮੰਤਰ ਪੱਤਰ ਦਿੱਤਾ ਗਿਆ। ਇਸ ਵਿੱਚ ਸ੍ਰੀ ਦਾਦੂਵਾਲ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਮੰਚ ਸੰਚਾਲਨ ਹਰਕੇਸ਼ ਸਿੰਘ ਮੋਹੜੀ, ਜ਼ਿਲ੍ਹਾ ਪ੍ਰਧਾਨ ਅੰਬਾਲਾ ਅਤੇ ਜਤਿੰਦਰ ਪਾਲ ਸਿੰਘ ਲੱਕੀ ਨੇ ਨਿਭਾਈ।

