ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਸੈਂਟਰ ਵਿੱਚ ਪਿਛਲੇ ਚਾਰ ਮਹੀਨਿਆਂ ਤੋਂ ਬਕਾਇਆ ਤਨਖ਼ਾਹਾਂ ਦੀ ਮੰਗ ਲਈ ਚੱਲ ਰਿਹਾ ਕਰਮਚਾਰੀਆਂ ਦਾ ਅਣਮਿਥੇ ਸਮੇਂ ਦਾ ਧਰਨਾ 22ਵੇਂ ਦਿਨ ਸਮਾਪਤ ਹੋ ਗਿਆ।
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐੱਚ ਐੱਸ ਜੀ ਐੱਮ ਸੀ) ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਦਾਦੂਵਾਲ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਕਰਮਚਾਰੀਆਂ ਨੇ ਅੰਦੋਲਨ ਖ਼ਤਮ ਕਰ ਕੇ ਮੁੜ ਡਿਊਟੀ ਸੰਭਾਲ ਲਈ। ਜਥੇਦਾਰ ਦਾਦੂਵਾਲ ਨੇ ਦੱਸਿਆ ਕਿ 23 ਜੁਲਾਈ ਨੂੰ ਕੁਰੂਕਸ਼ੇਤਰ ਵਿੱਚ ਹੋਈ ਕਾਰਜਕਾਰਨੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਇੰਸਟੀਚਿਊਟ ਦਾ ਪ੍ਰਬੰਧ ਹੁਣ ਐੱਚ ਐੱਸ ਜੀ ਐੱਮ ਸੀ ਆਪਣੇ ਹੱਥ ਵਿੱਚ ਲਵੇਗੀ। ਪ੍ਰਬੰਧ ਸੰਭਾਲਦਿਆਂ ਹੀ ਸਟਾਫ਼ ਦੀਆਂ ਬਕਾਇਆ ਤਨਖ਼ਾਹਾਂ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਿਨਾਂ ਵਿਵਾਦ ਪ੍ਰਬੰਧ ਸੌਂਪਣ ਲਈ 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ ਅਤੇ 12 ਮਈ ਤੋਂ ਬਾਅਦ ਦੇ ਖਰਚਿਆਂ ਦਾ ਆਡਿਟ ਕਰਵਾਉਣ ਦਾ ਐਲਾਨ ਕੀਤਾ ਹੈ।
ਦੂਜੇ ਪਾਸੇ ਐੱਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹ ਅਦਾਲਤੀ ਫ਼ੈਸਲੇ ਅਨੁਸਾਰ ਸ਼ਾਂਤੀਪੂਰਵਕ ਪ੍ਰਬੰਧ ਸੌਂਪਣ ਲਈ ਤਿਆਰ ਹਨ।
ਪੁਲੀਸ ਸੁਰੱਖਿਆ ਦੀ ਮੰਗ
ਧਰਨਾ ਸਮਾਪਤ ਹੁੰਦਿਆਂ ਹੀ ਕਰਮਚਾਰੀ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰੀਤਪਾਲ ਸਿੰਘ, ਸਕੱਤਰ ਤਰਸੇਮ ਸਿੰਘ ਅਤੇ ਡਾ. ਵਿਪਿਨ ਭਾਟੀਆ ਨੇ ਹੁੱਡਾ ਪੁਲੀਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕਾਂ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਸੰਸਥਾ ਦਾ ਮਹੱਤਵਪੂਰਨ ਰਿਕਾਰਡ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਕਮੇਟੀ ਨੇ ਅਗਲੇ 72 ਘੰਟਿਆਂ ਲਈ ਇੰਸਟੀਚਿਊਟ ਪਰਿਸ਼ਰ ਵਿੱਚ ਪੁਲੀਸ ਤਾਇਨਾਤ ਕਰਨ ਦੀ ਮੰਗ ਕੀਤੀ ਹੈ।

