ਭਾਜਪਾ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਬਾਬੈਨ ਮੰਡਲ ਦੇ 12 ਸ਼ਕਤੀ ਕੇਂਦਰਾਂ ’ਚ ਇੱਕੋ ਸਮੇਂ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿੱਚ 62 ਬੂਥਾਂ ਦੇ ਵਰਕਰਾਂ ਨੇ ਹਿੱਸਾ ਲਿਆ, ਜਿਨ੍ਹਾਂ ਦਾ ਮੁੱਖ ਉਦੇਸ਼ ਬੂਥ ਅਤੇ ਸ਼ਕਤੀ ਕੇਂਦਰ ਪੱਧਰ ’ਤੇ ਵਰਕਰਾਂ ਨਾਲ ਸੰਚਾਰ ਸਥਾਪਤ ਕਰਨਾ, ਪਾਰਟੀ ਗਤੀਵਿਧੀਆਂ ਦੀ ਸਮੀਖਿਆ ਤੇ ਅਗਲੀਆਂ ਮੁਹਿੰਮਾਂ ਲਈ ਰਣਨੀਤੀ ਤਿਆਰ ਕਰਨਾ ਸੀ। ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਦੇਸ ਰਾਜ ਸ਼ਰਮਾ ਨੇ ਪਿੰਡ ਰਾਮ ਸਰਨ ਮਾਜਰਾ ਵਿੱਚ ਦੁਪਹਿਰ ਦੇ ਖਾਣੇ ਦੀ ਮੀਟਿੰਗ ਵਿੱਚ ਹਿੱਸਾ ਲਿਆ। ਇਸ ਦੌਰਾਨ ਉਹ ਵਰਕਰਾਂ ਨਾਲ ਥੱਲੇ ਫਰਸ਼ ’ਤੇ ਹੀ ਬੈਠੇ ਅਤੇ ਆਪਣੇ ਘਰੋਂ ਲਿਆਂਦਾ ਭੋਜਨ ਸਾਂਝਾ ਕਰਦਿਆਂ ਉਨ੍ਹਾਂ ਨਾਲ ਵੱਖ-ਵੱਖ ਸੰਗਠਨਾਤਮਕ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਾਈਚਾਰਕ ਭੋਜਨ ਦੀ ਪਰੰਪਰਾ ਵਰਕਰਾਂ ਵਿੱਚ ਤਾਲਮੇਲ ਵਧਾਉਣ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ ਅਤੇ ਮਜ਼ਬੂਤ ਸ਼ਕਤੀ ਕੇਂਦਰ ਸੰਗਠਨ ਦੀ ਅਸਲ ਤਾਕਤ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵਿਕਸਤ ਹਰਿਆਣਾ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਹਰੇਕ ਵਰਕਰ ਦੀ ਅਹਿਮ ਭੂਮਿਕਾ ਹੈ।
ਇਸ ਦੌਰਾਨ ਉਨ੍ਹਾਂ ਨੇ ਸੇਵਾ ਸੰਕਲਪ ਮੁਹਿੰਮ, ਇੱਕ ਰੁੱਖ ਮਾਂ ਦੇ ਨਾਮ, ਸਵੱਛਤਾ ਮੁਹਿੰਮ ਅਤੇ ਖ਼ੂਨਦਾਨ ਕੈਂਪ ਵਰਗੀਆਂ ਪਹਿਲਕਦਮੀਆਂ ’ਤੇ ਚਰਚਾ ਕੀਤੀ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਹਰ ਪਾਰਟੀ ਪ੍ਰੋਗਰਾਮ ਵਿੱਚ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਅਤੇ ਬੂਥ ਪੱਧਰ ’ਤੇ ਵੱਧ ਤੋਂ ਵੱਧ ਲੋਕਾਂ ਨੂੰ ਸੰਗਠਨ ਨਾਲ ਜੋੜਨ ਲਈ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ਼ਕਤੀ ਕੇਂਦਰ ਦੇ ਮੁਖੀ ਕੌਸ਼ਲ ਸੈਣੀ, ਸਰਪੰਚ ਨੁਮਾਇੰਦੇ ਓਮ ਪ੍ਰਕਾਸ਼, ਸਰਪੰਚ ਸੁਨੀਲ ਕੁਮਾਰ, ਬਖਤਾਵਰ ਸਿੰਘ, ਸੁਖਬੀਰ ਸਿੰਘ, ਗੁਰਦੇਵ ਲਖਮੜੀ, ਆਤਮਾ ਰਾਮ, ਪ੍ਰਵੀਨ ਕੁਮਾਰ, ਕਰਮਵੀਰ ਸਿੰਘ, ਵਿਸ਼ਾਲ ਸੈਣੀ ਆਦਿ ਵਰਕਰ ਮੌਜੂਦ ਸਨ।

