MC Commissioner ਵੱਲੋਂ ਮੈਰਾਥਨ ਦੀ ਤਿਆਰੀ ਦਾ ਜਾਇਜ਼ਾ
ਸਡ਼ਕਾਂ ਦਾ ਨਿਰੀਖਣ ਕੀਤਾ; ਮੈਰਾਥਨ ਨੂੰ ਮੁੱਖ ਮੰਤਰੀ ਸੈਣੀ ਦਿਖਾਉਣਗੇ ਝੰਡੀ
ਨਗਰ ਨਿਗਮ ਨੇ 26 ਜੁਲਾਈ ਨੂੰ ਜਗਾਧਰੀ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਵਿੱਚ ਹੋਣ ਵਾਲੀ ਨਸ਼ਾ ਵਿਰੋਧੀ ਮੈਰਾਥਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਨਗਰ ਨਿਗਮ ਕਮਿਸ਼ਨਰ ਮਹਾਬੀਰ ਪ੍ਰਸਾਦ ਨੇ ਅਧਿਕਾਰੀਆਂ ਦੀ ਟੀਮ ਨਾਲ ਅੰਬਾਲਾ ਰੋਡ, ਜਗਾਧਰੀ-ਪਾਉਂਟਾ ਸਾਹਿਬ ਰੋਡ, ਬਿਲਾਸਪੁਰ ਰੋਡ ਅਤੇ ਬਾਈਪਾਸ ਰੋਡ ਸਮੇਤ ਵੱਖ-ਵੱਖ ਸੜਕਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਮੈਰਾਥਨ ਰੂਟ ਦੀ ਸੁਰੱਖਿਆ, ਸਫਾਈ ਅਤੇ ਮੁਰੰਮਤ ਦੀ ਸਥਿਤੀ ਦਾ ਮੁਲਾਂਕਣ ਕੀਤਾ ਅਤੇ ਅਧਿਕਾਰੀਆਂ ਨੂੰ ਤੈਅ ਸਮੇਂ ਵਿੱਚ ਪ੍ਰਬੰਧ ਕਰਨ ਲਈ ਨਿਰਦੇਸ਼ ਜਾਰੀ ਕੀਤੇ। ਕਮਿਸ਼ਨਰ ਮਹਾਬੀਰ ਪ੍ਰਸਾਦ ਨੇ ਜ਼ੋਰ ਦੇ ਕੇ ਕਿਹਾ ਕਿ ਮੈਰਾਥਨ ਰੂਟ ’ਤੇ ਦੌੜਾਕਾਂ ਦੀ ਸੁਰੱਖਿਆ ਅਤੇ ਸਹੂਲਤ ਅਹਿਮ ਹੈ। ਉਨ੍ਹਾਂ ਅਧਿਕਾਰੀਆਂ ਨੂੰ ਰੂਟ ਦੇ ਨਾਲ ਲੱਗਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਮੈਰਾਥਨ ਦੇ ਰੂਟ ਨੂੰ ਸਾਫ਼ ਰੱਖਣ ਲਈ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ ਕੀਤੀ ਜਾਣੀ ਹੈ, ਜਿਸ ਨਾਲ ਦੌੜਾਕਾਂ ਲਈ ਇੱਕ ਬਿਹਤਰ ਵਾਤਾਵਰਨ ਮੁਹੱਈਆ ਕੀਤਾ ਜਾ ਸਕੇ। ਉਨ੍ਹਾਂ ਉਪਰੋਂ ਲਟਕਦੀਆਂ ਦਰੱਖਤਾਂ ਦੀਆਂ ਟਾਹਣੀਆਂ ਨੂੰ ਕੱਟਣ ਅਤੇ ਸੜਕ ਦੇ ਕਿਨਾਰੇ ਝਾੜੀਆਂ ਨੂੰ ਸਾਫ਼ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਦੌੜਾਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ, ਸਾਰੇ ਜ਼ਰੂਰੀ ਸੜਕ ਸੁਰੱਖਿਆ ਉਪਾਅ, ਸੰਕੇਤ ਅਤੇ ਸੜਕ ਦੇ ਨਿਸ਼ਾਨ ਤੁਰੰਤ ਪੂਰੇ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਵਧੀਕ ਨਗਰ ਕਮਿਸ਼ਨਰ ਧੀਰਜ ਕੁਮਾਰ, ਮੁੱਖ ਮੰਤਰੀ ਦੇ ਸੁਸ਼ਾਸਨ ਸਹਿਯੋਗੀ ਅਭਿਸ਼ਰੂਤੀ, ਕਾਰਜਕਾਰੀ ਇੰਜਨੀਅਰ ਵਿਕਾਸ ਧੀਮਾਨ ਅਤੇ ਹਰੀਸ਼ ਕੁਮਾਰ, ਕਾਰਜਕਾਰੀ ਅਧਿਕਾਰੀ ਜਰਨੈਲ ਸਿੰਘ, ਸਹਾਇਕ ਇੰਜਨੀਅਰ ਮੁਨੇਸ਼ਵਰ ਭਾਰਦਵਾਜ, ਸੁਰੇਂਦਰ ਦਹੀਆ ਅਤੇ ਮ੍ਰਿਣਾਲ ਜੈਸਵਾਲ ਆਦਿ ਹਾਜ਼ਰ ਸਨ।
ਨਗਰ ਨਿਗਮ ਦੇ ਕਮਿਸ਼ਨਰ ਮਹਾਬੀਰ ਪ੍ਰਸਾਦ ਨੇ ਦੱਸਿਆ ਕਿ ਮੈਰਾਥਨ 26 ਜੁਲਾਈ ਨੂੰ ਸਵੇਰੇ 5:15 ਵਜੇ ਜਗਾਧਰੀ ਦੇ ਮਟਕਾ ਚੌਕ ਤੋਂ ਸ਼ੁਰੂ ਹੋਵੇਗੀ ਜਿਸ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਝੰਡੀ ਦੇਣਗੇ। ਇਸ 10 ਕਿਲੋਮੀਟਰ ਦੀ ਦੌੜ ਵਿੱਚ ਪਹਿਲੇ 10 ਸਥਾਨ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਅਤੇ ਲੜਕੀਆਂ ਦਾ ਸਨਮਾਨ ਕੀਤਾ ਜਾਵੇਗ। ਇਹ ਮੈਰਾਥਨ ਨਾ ਸਿਰਫ਼ ਨੌਜਵਾਨਾਂ ਵਿੱਚ ਸਿਹਤ ਜਾਗਰੂਕਤਾ ਵਧਾਏਗੀ ਬਲਕਿ ਸਮਾਜ ਨੂੰ ਨਸ਼ਿਆਂ ਦੇ ਗੰਭੀਰ ਖ਼ਤਰੇ ਤੋਂ ਦੂਰ ਰਹਿਣ ਲਈ ਸੰਦੇਸ਼ ਵੀ ਦੇਵੇਗੀ।

