Marriage Scam: ਗਊ ਰੱਖਿਅਕ Bittu Bajrangi ਨਾਲ ਵਿਆਹ ਦੇ ਨਾਂ ’ਤੇ 30 ਹਜ਼ਾਰ ਦੀ ਠੱਗੀ
ਅਲੀਗੜ੍ਹ ਬਾਰਾਤ ਲੈ ਕੇ ਪਹੁੰਚਿਆ ਸੀ ਗਊ ਰੱਖਿਅਕ; ਅੱਗੋਂ ਲਾੜੀ ਤੇ ਵਿਚੋਲੇ ਹੋਏ ਫ਼ਰਾਰ
Marriage Scam: ਫ਼ਰੀਦਾਬਾਦ ਦੇ ਬਜਰੰਗ ਫੋਰਸ ਦੇ ਪ੍ਰਧਾਨ ਅਤੇ ਚਰਚਿਤ ਗਊ ਰੱਖਿਅਕ ਬਿੱਟੂ ਬਜਰੰਗੀ ਖੁਦ ਇੱਕ ਵੱਡੀ ਠੱਗੀ ਦਾ ਸ਼ਿਕਾਰ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ, ਇੱਕ ਗਿਰੋਹ ਨੇ ਬਿੱਟੂ ਨੂੰ ਵਿਆਹ ਦਾ ਝਾਂਸਾ ਦੇ ਕੇ 30,000 ਰੁਪਏ ਲੁੱਟ ਲਏ। ਬਿੱਟੂ ਦੀ ਮੁਲਾਕਾਤ ਬੰਟੀ ਅਤੇ ਰਾਣੀ ਨਾਮ ਦੇ ਵਿਅਕਤੀਆਂ ਨਾਲ ਹੋਈ ਸੀ, ਜਿਨ੍ਹਾਂ ਨੇ ਇੱਕ ਕੁੜੀ ਨਾਲ ਉਸ ਦਾ ਰਿਸ਼ਤਾ ਤੈਅ ਕਰਵਾਇਆ।
7 ਫਰਵਰੀ ਨੂੰ ਵਿਆਹ ਤੈਅ ਹੋਇਆ ਸੀ ਅਤੇ ਵਿਆਹ ਦੇ ਖਰਚੇ ਤੇ ਕੱਪੜਿਆਂ ਲਈ ਬਿੱਟੂ ਨੇ 6 ਫਰਵਰੀ ਨੂੰ 30,000 ਰੁਪਏ ਟ੍ਰਾਂਸਫਰ ਕੀਤੇ ਪਰ ਜਦੋਂ ਬਿੱਟੂ ਪੂਰੀ ਬਾਰਾਤ ਲੈ ਕੇ ਅਲੀਗੜ੍ਹ ਪਹੁੰਚਿਆ, ਤਾਂ ਉੱਥੇ ਨਾ ਕੋਈ ਲਾੜੀ ਮਿਲੀ ਅਤੇ ਨਾ ਹੀ ਵਿਚੋਲੇ, ਸਾਰਿਆਂ ਦੇ ਫ਼ੋਨ ਸਵਿੱਚ ਆਫ਼ ਸਨ।
ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਬਿੱਟੂ ਨੇ ਕੁੜੀ ਦੇ ਨੰਬਰ ’ਤੇ ਸੰਪਰਕ ਕੀਤਾ, ਤਾਂ ਉਸ ਨੇ ਸਾਫ਼ ਕਹਿ ਦਿੱਤਾ ਕਿ ਉਹ ਕਿਸੇ ਵਿਆਹ ਬਾਰੇ ਕੁਝ ਨਹੀਂ ਜਾਣਦੀ। ਇਸ ਧੋਖਾਧੜੀ ਤੋਂ ਬਾਅਦ ਬਿੱਟੂ ਬਜਰੰਗੀ ਨੇ ਸਾਰਨ ਪੁਲੀਸ ਸਟੇਸ਼ਨ ਵਿੱਚ ਬੰਟੀ, ਰਾਣੀ ਅਤੇ ਹੋਰਨਾਂ ਖ਼ਿਲਾਫ਼ ਐਫ.ਆਈ.ਆਰ. (FIR) ਦਰਜ ਕਰਵਾਈ ਹੈ।
ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬਿੱਟੂ ਬਜਰੰਗੀ ਪਹਿਲਾਂ ਹੀ 2023 ਦੇ ਨੂਹ ਹਿੰਸਾ ਮਾਮਲੇ ਵਿੱਚ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਪਰ ਹੁਣ ਉਹ ਖੁਦ ‘ਮੈਰਿਜ ਸਕੈਮ’ (ਵਿਆਹ ਦੀ ਠੱਗੀ) ਵਿੱਚ ਫਸ ਕੇ ਸੁਰਖੀਆਂ ਵਿੱਚ ਆ ਗਿਆ ਹੈ।

