ਮੰਡੇਰ ਦਾ ਭਾਈ ਸੰਤੋਖ ਸਿੰਘ ਪੁਰਸਕਾਰ ਨਾਲ ਸਨਮਾਨ
ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕਾਦਮੀ ਪੰਚਕੂਲਾ ਵੱਲੋਂ ਕਰਵਾਏ ਸੂਬਾ ਪੱਧਰੀ ਸਨਮਾਨ ਸਮਾਰੋਹ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਸਿੱਧ ‘ਮਹਾਂਕਵੀ ਭਾਈ ਸੰਤੋਖ ਸਿੰਘ ਪੁਰਸਕਾਰ-2022’ ਨਾਲ ਸੀਨੀਅਰ ਸਾਹਿਤਕਾਰ ਅਤੇ ਸਾਹਿਤ ਆਲੋਚਕ ਡਾ. ਨੈਬ ਸਿੰਘ ਮੰਡੇਰ ਦਾ ਸਨਮਾਨ ਕੀਤਾ ਗਿਆ। ਇਹ ਸਮਾਰੋਹ ਦਾਦਾ ਲਖਮੀਚੰਦ...
ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕਾਦਮੀ ਪੰਚਕੂਲਾ ਵੱਲੋਂ ਕਰਵਾਏ ਸੂਬਾ ਪੱਧਰੀ ਸਨਮਾਨ ਸਮਾਰੋਹ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਸਿੱਧ ‘ਮਹਾਂਕਵੀ ਭਾਈ ਸੰਤੋਖ ਸਿੰਘ ਪੁਰਸਕਾਰ-2022’ ਨਾਲ ਸੀਨੀਅਰ ਸਾਹਿਤਕਾਰ ਅਤੇ ਸਾਹਿਤ ਆਲੋਚਕ ਡਾ. ਨੈਬ ਸਿੰਘ ਮੰਡੇਰ ਦਾ ਸਨਮਾਨ ਕੀਤਾ ਗਿਆ। ਇਹ ਸਮਾਰੋਹ ਦਾਦਾ ਲਖਮੀਚੰਦ ਰਾਜ ਪ੍ਰਦਰਸ਼ਨ ਅਤੇ ਦ੍ਰਿਸ਼ ਕਲਾ ਯੂਨੀਵਰਸਿਟੀ ਰੋਹਤਕ ਵਿੱਚ ਕੀਤਾ ਗਿਆ, ਜਿਸ ’ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਡਾ. ਮੰਡੇਰ ਨੂੰ 2.50 ਲੱਖ ਦੀ ਨਗਦ ਰਾਸ਼ੀ, ਸ਼ਾਲ ਅਤੇ ਪ੍ਰਸ਼ੰਸਾ ਪੱਤਰ ਭੇਟ ਕਰ ਕੇ ਸਨਮਾਨਿਤ ਕੀਤਾ। ਸਨਮਾਨ ਪ੍ਰਾਪਤ ਕਰਨ ਉਪਰੰਤ ਡਾ. ਨੈਬ ਸਿੰਘ ਮੰਡੇਰ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਸਿਰਫ਼ ਨਿੱਜੀ ਉਪਲਬਧੀ ਨਹੀਂ, ਸਗੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਸਮਰਪਿਤ ਸਮੂਹ ਸਾਹਿਤਕਾਰਾਂ ਦੇ ਸਨਮਾਨ ਦਾ ਪ੍ਰਤੀਕ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਾਠਕਾਂ, ਪਰਿਵਾਰ, ਸਾਹਿਤਕ ਸਾਥੀਆਂ ਅਤੇ ਪ੍ਰਸ਼ੰਸਕਾਂ ਨੂੰ ਦਿੱਤਾ। ਡਾ. ਮੰਡੇਰ ਹੁਣ ਤੱਕ 15 ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ। ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਵਿੱਚ ਅੱਠ ਬਾਲ ਸਾਹਿਤ ਪੁਸਤਕਾਂ, ਦੋ ਕਹਾਣੀ ਸੰਗ੍ਰਹਿ, ਦੋ ਲਘੂ ਕਥਾ ਸੰਗ੍ਰਹਿ, ਇੱਕ ਨਾਟਕ, ਇੱਕ ਨਾਵਲ ਅਤੇ ਦੋ ਆਲੋਚਨਾ ਗ੍ਰੰਥ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ 100 ਤੋਂ ਵੱਧ ਖੋਜ-ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਦੋ ਪੁਸਤਕਾਂ ਲਈ ਹਰਿਆਣਾ ਰਾਜ ਪੁਰਸਕਾਰ ਅਤੇ ਸਾਲ 2013 ਦਾ ਬਾਬਾ ਸ਼ੇਖ ਫਰੀਦ ਪੁਰਸਕਾਰ ਮਿਲ ਚੁੱਕਾ ਹੈ। ਡਾ. ਨੈਬ ਸਿੰਘ ਮੰਡੇਰ ਨੂੰ ਇਹ ਵੱਕਾਰੀ ਸਨਮਾਨ ਮਿਲਣ ’ਤੇ ਖੇਤਰ ਅਤੇ ਸਾਹਿਤ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਮਹਾਂਸ਼ਕਤੀ ਸੰਗਠਨ ਦੇ ਚੇਅਰਮੈਨ ਭਵਾਨੀ ਸਿੰਘ, ਸਮਾਜ ਸੇਵੀ ਤੇਜਿੰਦਰ ਸਿੰਘ ਔਜਲਾ, ਕੈਪਟਨ ਗੁਰਮੁਖ ਸਿੰਘ ਭੁੱਲਰ, ਚਿੱਤਰਕਾਰ ਕ੍ਰਿਸ਼ਨ ਸਿੰਘ, ਸਮਾਜ ਸੇਵੀ ਸਤਪਾਲ ਜਿੰਦਲ, ਹੈਪੀ ਸਿੰਘ ਸੇਠੀ, ਸ਼ਰਮਾ ਚੰਦ ਲਾਲੀ, ਲਾਇਨ ਸ਼ਿਵ ਸੋਨੀ, ਮੀਡੀਆ ਕਲੱਬ ਦੇ ਪ੍ਰਧਾਨ ਬੌਬੀ ਗੋਸਵਾਮੀ, ਪ੍ਰਿੰਸੀਪਲ ਅਬਨੀਸ਼ ਗਰਗ, ਹਿੰਦੀ ਸਾਹਿਤ ਸੇਵੀ ਸੁਸ਼ੀਲ ਆਜ਼ਾਦ, ਪ੍ਰੋ. ਵਰੁਣ ਬਜਾਜ, ਨਰੇਂਦਰ ਗਰੋਵਰ, ਪ੍ਰਵਕਤਾ ਚਰਨਜੀਤ ਸਿੰਘ, ਸੋਨੂ, ਘਨਸ਼ਿਆਮ ਨਾਪਾ, ਪ੍ਰਵਕਤਾ ਬਿੱਕਰ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ, ਮਾਤਾ ਬਲਦੇਵ ਕੌਰ ਸਮੇਤ ਵੱਖ-ਵੱਖ ਸਮਾਜਿਕ, ਸਾਹਿਤਕ ਅਤੇ ਸਿੱਖਿਆਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਡਾ. ਮੰਡੇਰ ਨੂੰ ਵਧਾਈ ਦਿੱਤੀ।

