ਨਸ਼ਾ ਤਸਕਰੀ ਮਾਮਲੇ ’ਚ ਮੁੱਖ ਸਰਗਣਾ ਕਾਬੂ
ਪਹਿਲਾਂ ਫਡ਼ੇ ਮੁਲਜ਼ਮਾਂ ਵੱਲੋਂ ਕੀਤੇ ਖ਼ੁਲਾਸੇ ਦੇ ਆਧਾਰ ’ਤੇ ਹੋਈ ਗ੍ਰਿਫ਼ਤਾਰੀ
ਰਤੀਆ ਪੁਲੀਸ ਨੇ ਹੈਰੋਇਨ ਤਸਕਰੀ ਮਾਮਲੇ ਵਿੱਚ ਕਾਰਵਾਈ ਕਰਦਿਆਂ ਸਪਲਾਇਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਸੰਦੀਪ ਉਰਫ਼ ਸਿੱਪੀ ਪੁੱਤਰ ਮੰਗਾ ਰਾਮ ਵਾਸੀ ਪਿੰਡ ਅਲੀਕਾ ਵਜੋਂ ਹੋਈ ਹੈ। ਮੁਲਜ਼ਮ ’ਤੇ ਨਸ਼ਾ ਸਪਲਾਈ ਕਰਨ ਦੇ ਦੋਸ਼ ਹਨ। ਨਸ਼ਾ ਤਸਕਰੀ ਮਾਮਲੇ ’ਚ ਪਹਿਲਾਂ ਕਾਬੂ ਕੀਤੇ ਦੋ ਮੁਲਜ਼ਮਾਂ ਨੂੰ ਹੈਰੋਇਨ ਮੁਹੱਈਆ ਕਰਵਾਉਣ ਵਿੱਚ ਸਿੱਪੀ ਦੀ ਭੂਮਿਕਾ ਸਾਹਮਣੇ ਆਈ ਹੈ।
ਰਤੀਆ ਥਾਣਾ ਮੁਖੀ ਇੰਸਪੈਕਟਰ ਪ੍ਰਹਿਲਾਦ ਨੇ ਦੱਸਿਆ ਕਿ ਪੁਲੀਸ ਟੀਮ ਸੁਖਚੈਨ ਨਹਿਰ (ਲਾਲਵਾਸ) ਨੇੜੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪੁਲੀਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਪੁੱਛ-ਪੜਤਾਲ ਕੀਤੀ। ਉਨ੍ਹਾਂ ਦੀ ਤਲਾਸ਼ੀ ਲੈਣ ’ਤੇ 8.08 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਤੁਰੰਤ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਸਦਰ ਰਤੀਆ ਵਿੱਚ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਮਾਮਲੇ ਦਾ ਮੁੱਖ ਸਪਲਾਇਰ ਸੰਦੀਪ ਉਰਫ਼ ਸਿੱਪੀ ਹੈ। ਇਸ ਤੋਂ ਬਾਅਦ ਪੁਲੀਸ ਨੇ ਤੁਰੰਤ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜ਼ਿਲ੍ਹੇ ਵਿੱਚ ਨਸ਼ਾ ਤਸਕਰੀ ਖ਼ਤਮ ਕਰਨ ਲਈ ਵਿਸ਼ੇਸ਼ ਮੁਹਿੰਮ ਜਾਰੀ ਹੈ। ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਨਸ਼ਾ ਤਸਕਰੀ ਨਾਲ ਸਬੰਧਤ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ।

