Living India Journalists: ਹਰਿਆਣਾ ਪੁਲੀਸ ਵੱਲੋਂ ਲਿਵਿੰਗ ਇੰਡੀਆ ਚੈਨਲ ਦੇ ਐੱਮ ਡੀ ਸਣੇ ਪੰਜ ਗ੍ਰਿਫ਼ਤਾਰ
ਪੁਰਾਣੀ ਨਿੱਜੀ ਵੀਡੀਓ ਨੂੰ ਜਾਅਲੀ ਸਟਿੰਗ ਆਪਰੇਸ਼ਨ ਵਜੋਂ ਦਿਖਾਉਣ ਅਤੇ ਬਲੈਕਮੇਲ ਕਰਨ ਦੇ ਦੋਸ਼; ਚੰਡੀਗੜ੍ਹ ਪ੍ਰੈੱਸ ਕਲੱਬ ਅਤੇ ਸਾਬਕਾ ਮੁੱਖ ਮੰਤਰੀ ਹੁੱਡਾ ਵੱਲੋਂ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਦੀ ਨਿੰਦਾ
Living India Journalists Arrest: ਹਰਿਆਣਾ ਪੁਲੀਸ ਨੇ ਲਿਵਿੰਗ ਇੰਡੀਆ ਨਿਊਜ਼ ਚੈਨਲ ਦੇ ਮੈਨੇਜਿੰਗ ਡਾਇਰੈਕਟਰ (ਐੱਮ ਡੀ) ਅਤੁਲ ਅਗਰਵਾਲ, ਤਿੰਨ ਪੱਤਰਕਾਰਾਂ ਅਤੇ ਇੱਕ ਡਰਾਈਵਰ ਨੂੰ ਕਥਿਤ ਜਾਅਲੀ ਸਟਿੰਗ ਅਪਰੇਸ਼ਨ ਪ੍ਰਸਾਰਿਤ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਚੈਨਲ ’ਤੇ ਛੇ ਮਹੀਨੇ ਪੁਰਾਣੀ ਇੱਕ ਨਿੱਜੀ ਵੀਡੀਓ ਨੂੰ ਜਾਅਲੀ ਸਟਿੰਗ ਆਪਰੇਸ਼ਨ ਵਜੋਂ ਦਿਖਾਉਣ ਦੇ ਦੋਸ਼ ਹਨ। ਇਹ ਵੀਡੀਓ ਦੋ ਵਿਅਕਤੀਆਂ ਵਿਚਾਲੇ ਨਿੱਜੀ ਮਾਮਲੇ ਨਾਲ ਸਬੰਧਤ ਸੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਐੱਮ ਡੀ ਅਤੁਲ ਅਗਰਵਾਲ, ਸੰਪਾਦਕ ਸੌਰਭ, ਐਂਕਰ ਸੁਦੇਸ਼ ਨੈਨ, ਪੱਤਰਕਾਰ ਨੀਤੂ ਅਤੇ ਡਰਾਈਵਰ ਲਵਪ੍ਰੀਤ ਸ਼ਾਮਲ ਹਨ। ਪੁਲੀਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਬਲੈਕਮੇਲ ਕਰਨ ਦੇ ਦੋਸ਼ ਵੀ ਲਾਏ ਹਨ। ਦੋਸ਼ ਹੈ ਕਿ ਵੀਡੀਓ ਬਾਰੇ ਸੱਚਾਈ ਸਾਹਮਣੇ ਲਿਆਉਣ ਦੇ ਨਾਂ ’ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ।
ਇਸ ਮਾਮਲੇ ਵਿੱਚ ਥਾਣਾ ਸਿਟੀ ਥਾਨੇਸਰ ਵਿਚ ਸੂਚਨਾ ਤਕਨਾਲੋਜੀ ਕਾਨੂੰਨ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
16 ਅਪਰੈਲ ਦੀ ਵੀਡੀਓ ਨੂੰ ਸਟਿੰਗ ਵਜੋਂ ਦਿਖਾਉਣ ਦਾ ਦੋਸ਼
ਕੁਰੂਕਸ਼ੇਤਰ ਦੇ ਪੁਲੀਸ ਕਪਤਾਨ ਚੰਦਰ ਮੋਹਨ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਚੈਨਲ ਨੇ 16 ਅਪਰੈਲ 2026 ਨੂੰ ਬਣਾਈ ਗਈ ਉਸ ਦੀ ਪੁਰਾਣੀ ਨਿੱਜੀ ਵੀਡੀਓ ਨੂੰ ਜਾਅਲੀ ਸਟਿੰਗ ਆਪਰੇਸ਼ਨ ਵਜੋਂ ਪੇਸ਼ ਕੀਤਾ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਵੀਡੀਓ ਬਾਰੇ ਸੱਚਾਈ ਜ਼ਾਹਰ ਨਾ ਕਰਨ ਲਈ ਬਾਅਦ ਵਿੱਚ ਉਸ ਨੂੰ ਬਲੈਕਮੇਲ ਕੀਤਾ ਗਿਆ।
ਪੁਲੀਸ ਕਪਤਾਨ ਅਨੁਸਾਰ ਪੁਲੀਸ ਕੋਲ ਇਸ ਮਾਮਲੇ ਨਾਲ ਸਬੰਧਤ ਅਹਿਮ ਸਬੂਤ ਹਨ। ਇਨ੍ਹਾਂ ਵਿੱਚ ਅਸਲ ਵੀਡੀਓ, ਇਸ ਨੂੰ ਰਿਕਾਰਡ ਕਰਨ ਦੀ ਤਰੀਕ ਅਤੇ ਵੀਡੀਓ ਬਣਾਉਣ ਵਾਲੇ ਵਿਅਕਤੀਆਂ ਬਾਰੇ ਜਾਣਕਾਰੀ ਸ਼ਾਮਲ ਹੈ। ਪੁਲੀਸ ਨੇ ਕਿਹਾ ਕਿ ਕਥਿਤ ਤੌਰ ’ਤੇ ਗ਼ਲਤ ਜਾਣਕਾਰੀ ਫੈਲਾਉਣ ਪਿੱਛੇ ਮਕਸਦ ਦਾ ਪਤਾ ਲਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ।
ਚੈਨਲ ਨੇ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੋੜੀ ਕਾਰਵਾਈ
ਦੂਜੇ ਪਾਸੇ, ਚੈਨਲ ਨੇ ਆਪਣੀ ਵੈੱਬਸਾਈਟ ’ਤੇ ਦਾਅਵਾ ਕੀਤਾ ਹੈ ਕਿ ਇਹ ਗ੍ਰਿਫ਼ਤਾਰੀਆਂ ਨਸ਼ਾ ਮੁਕਤ ਦੇਸ਼ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਨਾਲ ਸਬੰਧਤ ਹਨ। ਚੈਨਲ ਨੇ ਕਿਹਾ ਕਿ ਉਹ ਹਰਿਆਣਾ ਵਿੱਚ ਨਾਜਾਇਜ਼ ਨਸ਼ਾ ਕਾਰੋਬਾਰ ਵਿਰੁੱਧ ਵੱਡੀ ਮੁਹਿੰਮ ਚਲਾ ਰਿਹਾ ਹੈ। ਇਸ ਨੇ ਸਵਾਲ ਉਠਾਇਆ ਕਿ ਕੀ ਜਨਤਕ ਹਿੱਤ ਵਿੱਚ ਸੱਚਾਈ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ ਵਿਰੁੱਧ ਅਜਿਹੀ ਕਾਰਵਾਈ ਜਾਇਜ਼ ਹੈ।
ਚੰਡੀਗੜ੍ਹ ਪ੍ਰੈੱਸ ਕਲੱਬ ਨੇ ਵੀ ਲਿਵਿੰਗ ਇੰਡੀਆ ਨਿਊਜ਼ ਦੇ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਅਤੇ ਹਿਰਾਸਤ ਵਿੱਚ ਲਏ ਜਾਣ ਦੀ ਨਿੰਦਾ ਕੀਤੀ ਹੈ। ਕਲੱਬ ਨੇ ਕਿਹਾ ਕਿ ਅਧਿਕਾਰੀਆਂ ਨੂੰ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਜਾਂ ਹਿਰਾਸਤ ਦੇ ਸਪੱਸ਼ਟ ਕਾਰਨ ਦੱਸਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਕਾਨੂੰਨੀ ਹੱਕਾਂ ਦੀ ਪੂਰੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਪੁਲੀਸ ਨੂੰ ਆਪਣੀਆਂ ਤਾਕਤਾਂ ਦੀ ਵਰਤੋਂ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਕਿ ਪੱਤਰਕਾਰਾਂ ਨੂੰ ਡਰਾਇਆ ਜਾਵੇ ਜਾਂ ਪ੍ਰੈੱਸ ਦੀ ਆਜ਼ਾਦੀ ਨੂੰ ਢਾਹ ਲੱਗੇ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਵੀ ਪੱਤਰਕਾਰਾਂ ਦੀਆਂ ਗ੍ਰਿਫ਼ਤਾਰੀਆਂ ਦੀ ਨਿੰਦਾ ਕੀਤੀ ਹੈ।

