ਖੱਬੇ-ਪੱਖੀ ਪਾਰਟੀਆਂ ਨੇ ਟਰੰਪ ਦਾ ਪੁਤਲਾ ਸਾੜਿਆ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜ਼ਿਲ੍ਹਾ ਸਕੱਤਰ ਪਿਆਰੇ ਲਾਲ ਤੰਵਰ ਅਤੇ ਜ਼ਿਲ੍ਹਾ ਸਕੱਤਰ ਹਰਭਜਨ ਸਿੰਘ ਸੰਧੂ ਦੀ ਅਗਵਾਈ ਹੇਠ ਅਨਾਜ ਮੰਡੀ ਗੇਟ ’ਤੇ ਅਮਰੀਕੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਧਰਨਾ ਅਤੇ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਇੱਕ ਸੁਤੰਤਰ ਅਤੇ ਪ੍ਰਭੂਸੱਤਾ ਸਪੰਨ...
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜ਼ਿਲ੍ਹਾ ਸਕੱਤਰ ਪਿਆਰੇ ਲਾਲ ਤੰਵਰ ਅਤੇ ਜ਼ਿਲ੍ਹਾ ਸਕੱਤਰ ਹਰਭਜਨ ਸਿੰਘ ਸੰਧੂ ਦੀ ਅਗਵਾਈ ਹੇਠ ਅਨਾਜ ਮੰਡੀ ਗੇਟ ’ਤੇ ਅਮਰੀਕੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਧਰਨਾ ਅਤੇ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਇੱਕ ਸੁਤੰਤਰ ਅਤੇ ਪ੍ਰਭੂਸੱਤਾ ਸਪੰਨ ਦੇਸ਼ ਵੈਨੇਜ਼ੁਏਲਾ ’ਤੇ ਇੱਕਤਰਫਾ ਅਮਰੀਕੀ ਹਮਲੇ ਅਤੇ ਅਮਰੀਕੀ ਫੌਜਾਂ ਦੁਆਰਾ ਜਮਹੂਰੀ ਤੌਰ ’ਤੇ ਚੁਣੇ ਗਏ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੇ ਨਿਵਾਸ ਤੋਂ ਜ਼ਬਰਦਸਤੀ ਅਗਵਾ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੁਤਲਾ ਵੀ ਸਾੜਿਆ ਗਿਆ। ਖੱਬੇ-ਪੱਖੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਦੁਨੀਆ ਦੇ ਸਾਰੇ ਲੋਕਤੰਤਰੀ ਅਤੇ ਨਿਆਂ-ਪ੍ਰੇਮੀ ਦੇਸ਼ਾਂ ਨੂੰ ਟਰੰਪ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਵਿਰੁੱਧ ਇਕਜੁੱਟ ਹੋ ਕੇ ਬੋਲਣ ਦੀ ਅਪੀਲ ਕਰਦੇ ਹਨ ਅਤੇ ਸੰਯੁਕਤ ਰਾਸ਼ਟਰ ਨੂੰ ਪ੍ਰਭੂਸੱਤਾ ਸੰਪੰਨ ਦੇਸ਼ਾਂ ਅਤੇ ਮਨੁੱਖਤਾ ਦੀ ਰੱਖਿਆ ਲਈ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਖੱਬੇ-ਪੱਖੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਅਮਰੀਕੀ ਸਰਕਾਰਾਂ ਨੇ ਦੁਨੀਆ ਦਾ ਸ਼ੋਸ਼ਣ ਕਰਨ ਲਈ ਲਗਾਤਾਰ ਪ੍ਰਭੂਸੱਤਾ ਸਪੰਨ ਦੇਸ਼ਾਂ ’ਤੇ ਹਮਲਾ ਕੀਤਾ ਹੈ, ਅਮਰੀਕਾ ਪੱਖੀ ਸਰਕਾਰਾਂ ਥੋਪੀਆਂ ਹਨ, ਅਤੇ ਉਨ੍ਹਾਂ ਦੀਆਂ ਕਾਰਪੋਰੇਸ਼ਨਾਂ ਨੂੰ ਤੇਲ ਅਤੇ ਹੋਰ ਖਣਨ ਸਰੋਤਾਂ ਵਰਗੇ ਸਰੋਤਾਂ ਨੂੰ ਜ਼ਬਤ ਕਰਨ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਵਿੱਚ ਇਰਾਕ ’ਤੇ ਹਮਲਾ, ਕਿਊਬਾ ਦੀ ਨਾਕਾਬੰਦੀ, ਲੀਬੀਆ ਅਤੇ ਸੀਰੀਆ ਵਿੱਚ ਜ਼ਬਰਦਸਤੀ ਤਖ਼ਤਾਪਲਟ ਅਤੇ ਹੋਰ ਪ੍ਰਭੂਸੱਤਾ ਸੰਪੰਨ ਦੇਸ਼ਾਂ ’ਤੇ ਭਾਰੀ ਟੈਰਿਫ ਲਗਾਉਣਾ ਸ਼ਾਮਲ ਹੈ । ਏਨਾ ਹੀ ਨਹੀਂ ਹੁਣ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਊਬਾ ਅਤੇ ਮੈਕਸੀਕੋ ਨੂੰ ਖੁੱਲ੍ਹੇਆਮ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਅਮਰੀਕਾ ਦੀਆਂ ਸਾਮਰਾਜਵਾਦੀ ਨੀਤੀਆਂ ਵਿਸ਼ਵ ਮਨੁੱਖਤਾ ਲਈ ਖ਼ਤਰਾ ਪੈਦਾ ਕਰ ਰਹੀਆਂ ਹਨ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਜ਼ਾਦ ਰਾਸ਼ਟਰਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਨ।
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੀ ਗ੍ਰਿਫਤਾਰੀ ਖ਼ਿਲਾਫ਼ ਰੋਸ
ਜੀਂਦ (ਪੱਤਰ ਪ੍ਰੇਰਕ): ਭਾਰਤੀ ਕਮਿਊਨਿਸ਼ਟ ਪਾਰਟੀ ਮਾਰਕਸਵਾਦੀ ਦੀ ਜ਼ਿਲ੍ਹਾ ਕਮੇਟੀ ਨੇ ਇੱਥੇ ਪੁਰਾਣੇ ਬੱਸ ਅੱਡੇ ਤੋਂ ਲਘੂ-ਸਕੱਤਰੇਤ ਤੱਕ ਰੋਸ ਵਿਖਾਵਾ ਕੀਤਾ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੁਤਲਾ ਸਾੜ ਕੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਦੀ ਗ੍ਰਿਫਤਾਰੀ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ ਅਤੇ ਵੈਨੇਜ਼ੁਏਲਾ ਦੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟਾਈ। ਪ੍ਰਦਰਸ਼ਨਕਾਰੀ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ ਅਤੇ ਗ੍ਰਿਫ਼ਤਾਰ ਕੀਤੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਸੀ। ਇਸ ਵਿਖਾਵੇ ਦੀ ਅਗਵਾਈ ਜ਼ਿਲ੍ਹਾ ਸਕੱਤਰ ਕਪੂਰ ਨੇ ਕੀਤੀ। ਵਿਖਾਵੇ ਵਿੱਚ ਪਾਰਟੀ ਦੇ ਸੂਬਾ ਸਕੱਤਰ ਮੰਡਲ ਦੇ ਮੈਂਬਰ ਰਮੇਸ਼ ਚੰਦਰ, ਪ੍ਰਕਾਸ਼ ਚੰਦ ਨੇ ਕਿਹਾ ਕਿ ਵੈਨੇਜ਼ੁਏਲਾ ਦੇ ਲੋਕ ਬੜੀ ਬਹਾਦਰੀ ਨਾਲ ਇਸ ਦਾ ਮੁਕਾਬਲਾ ਕਰ ਰਹੇ ਹਨ।

