ਕਾਲਕਾ-ਸ਼ਿਮਲਾ ਰੇਲ ਮਾਰਗ 'ਤੇ ਜ਼ਮੀਨ ਖਿਸਕਣ ਕਾਰਨ ਰੇਲ ਆਵਾਜਾਈ ਠੱਪ
ਉੱਤਰੀ ਰੇਲਵੇ ਨੇ 97 ਯਾਤਰੀਆਂ ਨੂੰ ਮੰਜ਼ਿਲ ’ਤੇ ਪਹੁੰਚਾਉਣ ਲਈ ਚਲਾਈਆਂ ਬੱਸਾਂ
ਕਾਲਕਾ -ਸ਼ਿਮਲਾ ਜਾਣ ਵਾਲੇ ਰਾਹਗੀਰ ਥੋੜਾ ਧਿਆਨ ਨਾਲ ਯਾਤਰਾ ਦੀ ਯੋਜਨਾ ਬਣਾਉਣ, ਕਿਉਂਕਿ ਬਰਸਾਤਾਂ ਦੇ ਮੌਸਮ ਦੌਰਾਨ ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੇ ਮਾਲਮੇ ਲਗਾਤਾਰ ਸਾਹਮਣੇ ਆਉਂਦੇ ਹਨ। ਹਾਲ ਹੀ ਵਿੱਚ 4 ਜੁਲਾਈ ਦੀ ਦੁਪਹਿਰ ਨੂੰ ਕਾਲਕਾ-ਸ਼ਿਮਲਾ ਮਾਰਗ ਦੇ ਕਾਠਲੀਘਾਟ-ਕਾਨੋ ਸੈਕਸ਼ਨ 'ਤੇ ਪਹਾੜ ਖਿਸਕਣ (ਲੈਂਡਸਲਾਈਡ) ਦੀ ਘਟਨਾ ਕਾਰਨ ਰੇਲ ਆਵਾਜਾਈ ਅਸਥਾਈ ਤੌਰ 'ਤੇ ਪ੍ਰਭਾਵਿਤ ਹੋਈ। 107 ਯਾਤਰੀਆਂ ਨੂੰ ਲੈ ਕੇ ਜਾ ਰਹੀ ਸ਼ਿਮਲਾ-ਕਾਲਕਾ ਸ਼ਿਵਾਲਿਕ ਡੀਲਕਸ ਐਕਸਪ੍ਰੈੱਸ (ਟਰੇਨ ਨੰਬਰ 52452) ਨੂੰ ਪ੍ਰਭਾਵਿਤ ਹਿੱਸੇ ਤੋਂ ਵਾਪਸ ਕਾਠਲੀਘਾਟ ਸਟੇਸ਼ਨ 'ਤੇ ਲਿਆਉਣਾ ਪਿਆ।
ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਦੀ ਅਗਲੀ ਯਾਤਰਾ ਲਈ ਕਾਠਲੀਘਾਟ ਸਟੇਸ਼ਨ 'ਤੇ ਤਿੰਨ ਬੱਸਾਂ ਦਾ ਪ੍ਰਬੰਧ ਕੀਤਾ ਅਤੇ ਇਹ ਬੱਸਾਂ 97 ਯਾਤਰੀਆਂ ਨੂੰ ਲੈ ਕੇ ਰਾਤ 10:24 ਵਜੇ ਕਾਠਲੀਘਾਟ ਤੋਂ ਕਾਲਕਾ ਲਈ ਰਵਾਨਾ ਹੋਈਆਂ। ਉੱਤਰੀ ਰੇਲਵੇ, ਅੰਬਾਲਾ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਯਸ਼ਾਂਜੀਤ ਸਿੰਘ ਨੇ ਦੱਸਿਆ, "ਫਸੇ ਹੋਏ ਯਾਤਰੀਆਂ ਨੂੰ ਅਡਜਸਟ ਕਰਨ ਲਈ ਕਾਲਕਾ-ਹਾਵੜਾ ਮੇਲ (ਟਰੇਨ ਨੰਬਰ 13052) ਦੀ ਰਵਾਨਗੀ ਵਿੱਚ ਇੱਕ ਘੰਟੇ ਦੀ ਦੇਰੀ ਕਰਨੀ ਪਈ, ਕਿਉਂਕਿ ਇਹ 5 ਜੁਲਾਈ ਨੂੰ ਰਾਤ (ਤੜਕੇ) ਲਗਪਗ 12:30 ਵਜੇ ਰਵਾਨਾ ਹੋਈ ਸੀ।"
