ਵਿਕਾਸ ਪੱਖੋਂ ਲਾਡਵਾ ਨਮੂਨੇ ਦਾ ਹਲਕਾ ਬਣੇਗਾ: ਸੈਣੀ
ਮੁੱਖ ਮੰਤਰੀ ਨੇ ਸਰਸਵਤੀ ਚੌਕ ਦਾ ਉਦਘਾਟਨ ਕੀਤਾ; ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਲਕਾ ਲਾਡਵਾ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰੋੜਾਂ ਰੁਪਏ ਦੇ ਵੱਖ-ਵੱਖ ਪ੍ਰਾਜੈਕਟ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਲਾਡਵਾ ਨੂੰ ਸੂਬੇ ਵਿੱਚ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਬਾਬੈਨ ਵਿੱਚ ਸਰਸਵਤੀ ਚੌਕ ਦੇ ਸੁੰਦਰੀਕਰਨ ਦਾ ਉਦਘਾਟਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਬਾਬੈਨ ਪੁੱਜਣ ’ਤੇ ਸਰਪੰਚ ਸੰਜੀਵ ਸਿੰਗਲਾ ਅਤੇ ਮੰਡਲ ਪ੍ਰਧਾਨ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਵੱਡੀ ਗਿਣਤੀ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਬਾਬੈਨ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਸਮੱਸਿਆਵਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਦੱਸਿਆ ਕਿ ਪਿੰਡ ਉਮਰੀ ਵਿੱਚ ਲਗਪਗ ਪੰਜ ਏਕੜ ’ਚ ਗੁਰੂ ਰਵਿਦਾਸ ਦੀ ਯਾਦਗਾਰ ਬਣਾਈ ਜਾ ਰਹੀ ਹੈ। ਲਾਡਵਾ ਸ਼ਹਿਰ ਵਿੱਚ ਰਾਖਸ਼ੀ ਨਦੀ ਨੂੰ ਪੱਕਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਕੰਢੇ ਸੜਕ ਬਣਾਈ ਜਾ ਰਹੀ ਹੈ। ਪਿੰਡ ਬਿਹੌਲੀ ਵਿਚ ਇਕ ਸਰਕਾਰੀ ਵੈਟਰਨਰੀ ਪੌਲੀਕਲੀਨਿਕ ਬਣਾਇਆ ਜਾ ਰਿਹਾ ਹੈ, ਧਨੌਰਾ ਜਾਟਾਨ ਵਿਚ ਖਿਡਾਰੀਆਂ ਲਈ ਖੇਡ ਸਟੇਡੀਅਮ ਬਣਾਇਆ ਗਿਆ ਹੈ। ਲਾਡਵਾ ਦੇ ਰਾਮ ਕੁੰਡੀ ਚੌਕ ਨੂੰ ਸੁੰਦਰ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ 11 ਸਾਲਾਂ ਵਿੱਚ ਸੂਬੇ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਮੁਆਵਜ਼ੇ ਵਜੋਂ 15448 ਕਰੋੜ ਰੁਪਏ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਇਕੋ ਇਕ ਸੂਬਾ ਹੈ ਜਿਥੇ ਘੱਟੋ ਘੱਟ ਸਮਰਥਨ ਮੁੱਲ ’ਤੇ 24 ਫਸਲਾਂ ਦੀ ਖਰੀਦ ਕੀਤੀ ਜਾ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਕੈਲਾ ਸੈਣੀ, ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ, ਪੁਲੀਸ ਕਪਤਾਨ ਨਿਤੀਸ਼ ਅਗਰਵਾਲ, ਬੀ ਡੀ ਪੀ ਓ ਆਸ਼ੂਤੋਸ਼, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ, ਜੈ ਭਗਵਾਨ ਸ਼ਰਮਾ, ਸੈਣੀ ਸਮਾਜ ਸਭਾ ਦੇ ਪ੍ਰਧਾਨ ਗੁਰਨਾਮ ਸਿੰਘ ਆਦਿ ਹਾਜ਼ਰ ਸਨ।
ਸਵਾਮੀ ਵਿਵੇਕਾਨੰਦ ਦੇ ਬੁੱਤ ਤੋਂ ਪਰਦਾ ਚੁੱਕਿਆ
ਨਰਾਇਣਗੜ੍ਹ (ਫਰਿੰਦਰਪਾਲ ਗੁਲਿਆਣੀ): ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਾਰਾਇਨਗੜ੍ਹ ਦੇ ਪਿੰਡ ਕਡਾਸਨ ਵਿੱਚ ਸਵਾਮੀ ਵਿਵੇਕਾਨੰਦ ਦੀ ਬੁੱਤ ਤੋਂ ਪਰਦਾ ਚੁੱਕਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦਾ ਬੁੱਤ ਸਿਰਫ਼ ਪੱਥਰ ਦਾ ਬੁੱਤ ਨਹੀਂ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ, ਆਤਮਵਿਸ਼ਵਾਸ ਅਤੇ ਦੇਸ਼ ਭਗਤੀ ਦਾ ਇੱਕ ਜੀਵਤ ਪ੍ਰਤੀਕ ਹੈ। ਇਸ ਮੌਕੇ ਮੁੱਖ ਮੰਤਰੀ ਨੇ ਪਿੰਡ ਕਡਾਸਨ ਵਿੱਚ ਵਿਕਾਸ ਕਾਰਜਾਂ ਲਈ 21 ਲੱਖ ਰੁਪਏ ਅਤੇ ਸਵਾਮੀ ਵਿਵੇਕਾਨੰਦ ਉਤਥਾਨ ਸਮਿਤੀ ਨੂੰ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਮੇਟੀ ਦੀ ਤਰਫੋਂ ਪਿੰਡ ਦੇ ਸਕੂਲ ਦੇ ਪ੍ਰਿੰਸੀਪਲ ਨੂੰ ਸਨਮਾਨਿਤ ਵੀ ਕੀਤਾ।

